15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਮਾ. ਜਗਸੀਰ ਸਿੰਘ ਨੇ ਭੁੱਚੋ ਕੈਂਚੀਆਂ ਤੋਂ ਚੱਕ ਫ਼ਤਹਿ ਸਿੰਘ ਵਾਲਾ ਫਾਟਕ ਤੱਕ ਸੜਕ ਨਵਿਆਉਣ ਦਾ ਨੀਂਹ-ਪੱਥਰ ਰੱਖਿਆ

ਅਜੀਤ ਡੈਸਕ 15-02-2026
ਭੁੱਚੋ ਮੰਡੀ, 14 ਫਰਵਰੀ (ਪਰਵਿੰਦਰ ਸਿੰਘ ਜੌੜਾ)-'ਬਾਰ੍ਹਾਂ ਸਾਲਾਂ ਬਾਅਦ ਤਾਂ ਰੂੜ੍ਹੀ ਦੀ ਵੀ ਸੁਣੀ ਜਾਂਦੀ ਐ' ਵਾਲੀ ਕਹਾਵਤ ਅਨੁਸਾਰ ਹੁਣ ਬੇਹੱਦ ਖਸਤਾ ਹਾਲ ਭੁੱਚੋ ਕੈਂਚੀਆਂ ਸੜਕ ਦੀ ਵੀ ਹਾਲਤ ਸੁਧਰਨ ਦੀ ਉਮੀਦ ਬੱਝੀ ਹੈ | ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਭੁੱਚੋ ਕੈਂਚੀਆਂ ਤੋਂ ਚੱਕ ਫਤਿਹ ਸਿੰਘ ਵਾਲਾ ਰੇਲਵੇ ਫਾਟਕ ਤੱਕ ਸੜਕ ਨਵਿਆਉਣ ਸਬੰਧੀ ਰੱਖੇ ਗਏ ਨੀਂਹ ਪੱਥਰ ਦੀ ਘੁੰਢ ਚੁਕਾਈ ਕੀਤੀ ਗਈ ਹੈ | ਸੜਕ ਦੇ ਇਸ ਨਵੀਨੀਕਰਨ 'ਤੇ 7 ਕਰੋੜ 11 ਲੱਖ 45 ਹਜ਼ਾਰ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ | ਭੁੱਚੋ ਕੈਂਚੀਆਂ ਸੜਕ ਪਿਛਲੀ ਕਾਂਗਰਸ ਸਰਕਾਰ ਵੇਲੇ ਨਵਿਆ ਕੇ ਸੀਮਿੰਟ/ਕੰਕਰੀਟ ਦੀ ਬਣਾਈ ਗਈ ਸੀ | ਜਦੋਂ ਕੁਝ ਸਮੇਂ ਬਾਅਦ ਹੀ ਥਾਂ-ਥਾਂ ਤੋਂ ਟੁੱਟੀ ਸੜਕ 'ਤੇ ਸਬੰਧਿਤ ਠੇਕੇਦਾਰ ਵਲੋਂ ਆਏ ਦਿਨ ਹੀ ਟਾਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਲੋਕਾਂ ਨੇ ਇਸ ਸੜਕ ਦਾ ਨਾਂਅ ਹੀ 'ਟਾਕੀਆਂ ਵਾਲੀ ਸੜਕ' ਰੱਖ ਦਿੱਤਾ ਸੀ | ਸੜਕ ਦੇ ਦੋਵੇਂ ਪਾਸੀਂ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਅਤੇ ਬਣਾਏ ਗਏ ਵੱਡੇ-ਵੱਡੇ ਰੈਂਪਾਂ ਕਾਰਨ ਸੜਕ ਸੁੰਗੜ ਕੇ ਰਹਿ ਗਈ ਅਤੇ ਇੱਥੇ ਅਕਸਰ ਹੀ ਆਵਾਜਾਈ ਦੀ ਸਮੱਸਿਆ ਬਣਨ ਲੱਗੀ | ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਸੜਕ ਨੂੰ ਦੋਨਾਂ ਪਾਸਿਆਂ ਤੋਂ 5-5 ਫੁੱਟ ਚੌੜਾ ਕਰਕੇ ਮਿਆਰੀ ਸਮੱਗਰੀ ਨਾਲ ਪ੍ਰਸ਼ਾਸਨ ਦੀ ਦੇਖਰੇਖ ਹੇਠ ਨਵਿਆਇਆ ਜਾਵੇ ਅਤੇ ਨਿਰਮਾਣ ਕਰਨ ਵਾਲੇ ਠੇਕੇਦਾਰ ਨੂੰ ਸੜਕ ਦੀ ਮਿਆਦ ਸਬੰਧੀ ਸਮਾਂਬੱਧ ਪਾਬੰਦ ਕੀਤਾ ਜਾਵੇ | ਅੱਜ ਸੜਕ ਨਵਿਆਉਣ ਸਬੰਧੀ ਨੀਂਹ ਪੱਥਰ ਰੱਖਣ ਸਮੇਂ ਵਿਧਾਇਕ ਮਾ. ਜਗਸੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਸੜਕ ਆਲ੍ਹਾ ਮਿਆਰੀ ਬਣਾਈ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਭੁੱਚੋ ਦੇ ਪ੍ਰਧਾਨ ਜੋਨੀ ਬਾਂਸਲ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵੀ ਮੌਜੂਦ ਸਨ |
ਪਿਛਲੀ ਖ਼ਬਰ ਭੋਖੜਾ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸਮੱਸਿਆਵਾਂ ਸੰਬੰਧੀ ਪਿੰਡ ਪੱਧਰੀ ਕੈਂਪ ਲਗਾਇਆ ਅਗਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਰੋਹ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।