ਬਰਨਾਲਾ, 14 ਫਰਵਰੀ (ਅਸ਼ੋਕ ਭਾਰਤੀ)-ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਬੋਰਡ ਜਮਾਤਾਂ ਦੇ ਪੇਪਰਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਮਨਮਾਨੇ ਢੰਗ ਨਾਲ ਲਗਾਉਣ ਦੇ ਵਿਰੋਧ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਬਰਨਾਲਾ (ਸੈਕੰਡਰੀ) ਦਾ ਘਿਰਾਓ ਕਰ ਕੇ ਧਰਨਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ, ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਡਿਊਟੀਆਂ ਲਗਾਉਣ ਸਮੇਂ ਡੀਲਿੰਗ ਹੈਂਡ ਅਤੇ ਦਫ਼ਤਰ ਨੇ ਜਥੇਬੰਦਕ ਆਗੂਆਂ ਅਤੇ ਕਾਡਰ ਨੂੰ ਨਿਸ਼ਾਨਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ ਅਤੇ ਸਿੱਖਿਆ ਵਿਭਾਗ ਦੇ ਸਮੇਂ-ਸਮੇਂ 'ਤੇ ਜਾਰੀ ਪੱਤਰਾਂ ਤੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਅਧਿਆਪਕਾਂ ਦੀਆਂ ਡਿਊਟੀਆਂ 40-50 ਕਿੱਲੋਮੀਟਰ ਤੱਕ ਦੂਰ ਲਗਾ ਦਿੱਤੀਆਂ ਹਨ | ਜਥੇਬੰਦੀ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਦਫ਼ਤਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਥੇਬੰਦੀ ਦੇ ਰੋਹ ਨੂੰ ਦੇਖਦਿਆਂ ਅਧਿਕਾਰੀ ਦਫ਼ਤਰ 'ਚੋਂ ਗ਼ਾਇਬ ਹੋ ਗਏ ਪਰ ਜਥੇਬੰਦੀ ਦੇ ਦਫ਼ਤਰ ਦਾ ਘਿਰਾਓ ਦੇ ਐਲਾਨ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ (ਕੰਨਿਆ) ਦੇ ਪਿ੍ੰਸੀਪਲ ਸ੍ਰੀ ਸੰਜੇ ਸਿੰਗਲਾ ਦੀ ਡਿਊਟੀ ਜਥੇਬੰਦੀ ਨਾਲ ਗੱਲਬਾਤ ਕਰਨ 'ਤੇ ਲਗਾਈ ਗਈ, ਜਿਨ੍ਹਾਂ ਨੇ ਜੱਥੇਬੰਦੀ ਵਲੋਂ ਪੇਸ਼ ਕੀਤੀਆਂ ਸਾਰੀਆਂ ਹੀ ਗ਼ਲਤ ਡਿਊਟੀਆਂ ਕੱਟਣ/ਅਡਜਸਟ ਕਰਨ ਦੀ ਸਹਿਮਤੀ ਦਿੱਤੀ ਪਰ ਜਥੇਬੰਦੀ ਨੇ ਗ਼ਲਤ ਇਰਾਦੇ ਨਾਲ ਡਿਊਟੀਆਂ ਲਗਾਉਣ ਵਾਲੇ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਬੰਧਿਤ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜ਼ਿਲ੍ਹਾ ਦਫ਼ਤਰ ਵਿਖੇ 16 ਫਰਵਰੀ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਅਮਰੀਕ ਸਿੰਘ ਭੱਦਲਵੱਡ, ਜਗਤਾਰ ਸਿੰਘ ਪੱਤੀ, ਰਮਨਦੀਪ ਸਿੰਘ, ਬਲਵੰਤ ਸਿੰਘ ਭੋਤਨਾ, ਵਿਕਾਸ ਕੁਮਾਰ ਭੱਦਲਵੱਡ, ਕਰਮਜੀਤ ਸਿੰਘ ਭੋਤਨਾ, ਮਨਜੀਤ ਸਿੰਘ ਬਖਤਗੜ੍ਹ, ਮਲਕੀਤ ਸਿੰਘ ਪੱਤੀ, ਸਤਿੰਦਰ ਸ਼ਰਮਾ, ਰਾਣਾ ਸਿੰਘ, ਰਘਵੀਰ ਸਿੰਘ, ਸੂਰੀਆ ਕੁਮਾਰ, ਜਗਦੀਪ ਸਿੰਘ ਭੱਦਲਵੱਡ, ਭਾਰਤ ਭੂਸ਼ਨ ਆਦਿ ਹਾਜਰ ਸਨ |