ਬਠਿੰਡਾ, 7 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਨ.ਐਫ.ਐਲ ਕਲੱਬ (ਰੀਕ੍ਰੀਏਸ਼ਨ ਸੈਂਟਰ), ਬਠਿੰਡਾ ਵਲੋਂ ਆਪਣੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਰੋਜ਼ਾ ਧਾਰਮਿਕ, ਇਤਿਹਾਸਕ ਅਤੇ ਮਨੋਰੰਜਕ ਸੈਰ-ਸਪਾਟਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਯਾਤਰਾ ਵਿਚ ਲਗਭਗ 60 ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਕਲੱਬ ਦੇ ਸਕੱਤਰ ਇੰਜੀਨੀਅਰ ਅਸ਼ੋਕ ਗਰੋਵਰ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਦਕਿ ਯਾਤਰਾ ਦੀ ਅਗਵਾਈ ਜਤਿੰਦਰ ਕੁਮਾਰ ਅਤੇ ਸਤਿਆਬਰਤ ਬਰਾਲ ਨੇ ਕੀਤੀ | ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦਾਂ, ਮੁਦਕੀ ਵਿਖੇ ਨਤਮਸਤਕ ਹੋ ਕੇ ਕੀਤੀ ਗਈ, ਜਿੱਥੇ ਮੈਂਬਰਾਂ ਨੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਉਪਰੰਤ ਸਾਰੇ ਮੈਂਬਰ ਤਲਵੰਡੀ ਭਾਈ ਸਥਿਤ ਵਾਟਰ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਝੂਲਿਆਂ, ਵਾਟਰ ਸਲਾਈਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ | ਯਾਤਰਾ ਦੇ ਅਗਲੇ ਪੜਾਅ ਵਿਚ ਮੈਂਬਰ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬਟੁਕੇਸ਼ਵਰ ਦੱਤ ਅਤੇ ਮਾਤਾ ਵਿਦਿਆਵਤੀ ਦੀਆਂ ਸਮਾਧੀਆਂ 'ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ 'ਤੇ ਹੋਣ ਵਾਲੇ ਝੰਡਾ ਉਤਾਰਨ ਸਮਾਰੋਹ ਵਿਚ ਸ਼ਮੂਲੀਅਤ ਕਰਦਿਆਂ ਮੈਂਬਰਾਂ ਨੇ ਦੇਸ਼-ਭਗਤੀ ਦੇ ਜੋਸ਼ ਨਾਲ ਭਰੇ ਨਾਅਰੇ ਲਗਾਏ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਕਲੱਬ ਦੇ ਸਕੱਤਰ ਇੰਜੀਨੀਅਰ ਅਸ਼ੋਕ ਗਰੋਵਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਆਪਸੀ ਭਾਈਚਾਰੇ, ਸਮਾਜਿਕ ਸਾਂਝ, ਮਨੋਰੰਜਨ ਅਤੇ ਦੇਸ਼-ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਭੂਮਿਕਾ ਨਿਭਾਉਂਦੇ ਹਨ |