23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਡੇਰਾਬੱਸੀ ਪੁਲਿਸ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ, ਪਿੰਡ ਬਿਜ਼ਨਪੁਰ ਤੋਂ ਮਿੱਟੀ ਨਾਲ ਭਰਿਆ ਟਿੱਪਰ ਤੇ ਪੋਕਲੇਨ ਮਸ਼ੀਨ ਜ਼ਬਤ <br/>

ਡੇਰਾਬੱਸੀ ਪੁਲਿਸ ਵਲੋਂ ਜ਼ਬਤ ਕੀਤੇ ਟਿੱਪਰ ਤੇ ਪੋਕਲੇਨ ਮਸ਼ੀਨ ਦੀ ਤਸਵੀਰ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 01-01-2026
ਡੇਰਾਬੱਸੀ, 31 ਦਸੰਬਰ (ਰਣਬੀਰ ਸਿੰਘ ਪੜ੍ਹੀ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਅਪਣਾਈ ਗਈ 'ਜ਼ੀਰੋ ਟੋਲਰੈਂਸ' ਦੀ ਨੀਤੀ ਤਹਿਤ ਡੇਰਾਬੱਸੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਨੇ ਪਿੰਡ ਬਿਜ਼ਨਪੁਰ ਵਿਖੇ ਛਾਪੇਮਾਰੀ ਕਰਕੇ ਮਿੱਟੀ ਦੀ ਨਾਜਾਇਜ਼ ਤੌਰ 'ਤੇ ਪੁਟਾਈ ਕਰ ਰਹੇ ਮਾਫ਼ੀਆ ਦੀ ਮੌਕੇ ਤੋਂ ਭਾਰੀ ਮਸ਼ੀਨਰੀ ਜ਼ਬਤ ਕੀਤੀ ਹੈ, ਹਾਲਾਂਕਿ ਮੌਕੇ ਤੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਫ਼ਰਾਰ ਹੋਣ 'ਚ ਸਫ਼ਲ ਹੋ ਗਏ | ਮਾਮਲੇ ਬਾਬਤ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਡੇਰਾਬੱਸੀ ਵਿਖੇ ਤਾਇਨਾਤ ਮਾਈਨਿੰਗ ਇੰਸਪੈਕਟਰ ਅਨੁਜ਼ ਤੋਮਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਿਜ਼ਨਪੁਰ ਦੇ ਨਾਲ ਲੱਗਦੀ ਜ਼ਮੀਨ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮਿੱਟੀ ਦੀ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ | ਸੂਚਨਾ ਦੇ ਆਧਾਰ 'ਤੇ ਜਦੋਂ ਟੀਮ ਨੇ ਮੌਕੇ 'ਤੇ ਦਸਤਕ ਦਿੱਤੀ ਤਾਂ ਉਥੇ ਮਿੱਟੀ ਨਾਲ ਨੱਕੋ-ਨੱਕ ਭਰਿਆ ਇਕ ਟਿੱਪਰ ਅਤੇ ਖੁਦਾਈ ਲਈ ਵਰਤੀ ਜਾ ਰਹੀ ਇਕ ਪੋਕਲੇਨ ਮਸ਼ੀਨ ਮੌਜੂਦ ਸੀ | ਪੁਲਿਸ ਟੀਮ ਨੂੰ ਆਉਂਦਾ ਦੇਖ ਮੁੱਖ ਮੁਲਜ਼ਮ ਅਸ਼ੋਕੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਿਜ਼ਨਪੁਰ ਮਸ਼ੀਨਰੀ ਨੂੰ ਮੌਕੇ 'ਤੇ ਹੀ ਛੱਡ ਕੇ ਆਪਣੇ ਅਣਪਛਾਤੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ | ਪੁਲਿਸ ਨੇ ਟਿੱਪਰ ਅਤੇ ਪੋਕਲੇਨ ਮਸ਼ੀਨ ਨੂੰ ਜ਼ਬਤ ਕਰ ਲਿਆ ਹੈ | ਪੁਲਿਸ ਨੇ ਮੁਲਜ਼ਮ ਅਸ਼ੋਕੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀਆਂ ਧਾਰਾਵਾਂ 4 (1), 21 (1) ਤੇ ਬੀ. ਐੱਨ. ਐੱਸ. ਦੀ ਧਾਰਾ 303 (2) ਦੇ ਤਹਿਤ ਕਾਰਵਾਈ ਅਮਲ 'ਚ ਲਿਆਂਦੀ ਹੈ | ਫ਼ਿਲਹਾਲ ਸਾਰੇ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ, ਜਿਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਲੋਕ ਸੰਪਰਕ ਵਿਭਾਗ 'ਚ 32 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ ਅਗਲੀ ਖ਼ਬਰ ਗ਼ੈਰ-ਕਾਨੂੰਨੀ ਵੈਂਡਿੰਗ 'ਤੇ ਨਿਗਮ ਦਾ ਡੰਡਾ, ਸ਼ਿਕਾਇਤ ਮਿਲਣ 'ਤੇ ਪੁਲਿਸ ਦਰਜ ਕਰੇਗੀ ਮਾਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।