15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨੰਗਲ ਤੇ ਨਾਲ ਲੱਗਦੇ ਇਲਾਕੇ 'ਚ ਅੱਜ ਪਤੰਗਬਾਜ਼ਾਂ ਵਲੋਂ ਧੜੱਲੇ ਨਾਲ ਕੀਤੀ ਗਈ ਚਾਈਨਾ ਡੋਰ ਦੀ ਵਰਤੋਂ <br/>

ਅਜੀਤ ਡੈਸਕ 25-01-2026
ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀਤੇ ਕੱਲ 23 ਜਨਵਰੀ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਸਾਰਾ ਦਿਨ ਪਈ ਬਾਰਸ਼ ਉਪਰੰਤ ਅੱਜ ਸਵੇਰ ਤੋਂ ਮੌਸਮ ਇਲਾਕੇ ਅੰਦਰ ਖੁਸ਼ਕ ਗਵਾ ਰਿਹਾ ਜਿਸ ਦੇ ਚਲਦਿਆਂ ਨੌਜਵਾਨਾਂ ਵੱਲੋਂ ਅੱਜ ਸਾਰਾ ਦਿਨ ਜਿੱਥੇ ਪਤੰਗਬਾਜ਼ੀ ਕੀਤੀ ਗਈ ਉੱਥੇ ਹੀ ਬਿਨਾਂ ਕਿਸੇ ਪ੍ਰਸ਼ਾਸਨਿਕ ਕਾਰਵਾਈ ਦੇ ਡਰੋ ਧੜੱਲੇ ਨਾਲ ਕਈ ਗੁਣਾ ਮਹਿੰਗੇ ਰੇਟਾਂ ਉੱਤੇ ਖਰੀਦੀ ਗਈ ਚਾਈਨਾ ਡੋਰ ਦੀ ਦੱਬ ਕੇ ਵਰਤੋਂ ਵੀ ਕੀਤੀ ਗਈ | ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤੰਗਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਦੂਜੀਆਂ ਥਾਵਾਂ ਤੇ ਰੱਖੀ ਚਾਈਨਾ ਡੋਰ ਦੀਆਂ ਪੇਟੀਆਂ ਦੀਆਂ ਪੇਟੀਆਂ ਛੋਟੇ ਦੁਕਾਨਦਾਰਾਂ ਜਾਂ ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਨੂੰ ਕਈ ਗੁਣਾ ਮਹਿੰਗੇ ਭਾਅ ਵੇਚੀਆਂ ਗਈਆਂ | ਵੱਖ-ਵੱਖ ਨੌਜਵਾਨਾਂ ਨਾਲ ਚਾਈਨਾ ਡੋਰ ਦੀ ਵਰਤੋਂ ਅਤੇ ਖਰੀਦ ਵੇਚ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਆਖਿਆ ਕਿ ਪਤੰਗਬਾਜ਼ੀ ਦੇ ਸੋਕੀਨਾ ਵਲੋਂ ਪਹਿਲਾਂ ਹੀ ਆਪਣੇ ਘਰਾਂ ਵਿਚ ਮਹਿੰਗੇ ਰੇਟਾਂ ਉਤੇ ਚਾਈਨਾ ਡੋਰ ਅਤੇ ਪਤੰਗ ਭਾਰੀ ਮਾਤਰਾ ਵਿਚ ਖਰੀਦ ਕੇ ਰੱਖੇ ਹੋਏ ਸਨ, ਪਰ ਬਸੰਤ ਪੰਚਮੀ ਵਾਲੇ ਦਿਨ ਅਚਾਨਕ ਭਾਰੀ ਮੀਹ ਪੈ ਜਾਣ ਕਾਰਨ ਜਿੱਥੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਅੱਜ ਸਵੇਰ ਤੋਂ ਹੀ ਮੌਸਮ ਬਿਲਕੁਲ ਸਾਫ ਹੋਣ ਅਤੇ ਹਵਾ ਚੱਲਣ ਕਾਰਨ ਇਲਾਕੇ ਅੰਦਰ ਖੂਬ ਪਤੰਗਬਾਜ਼ੀ ਨੌਜਵਾਨ ਵਰਗ ਵਲੋਂ ਕੀਤੀ ਗਈ | ਜਦੋਂ ਮਨੁੱਖਾਂ ਅਤੇ ਪੰਛੀਆਂ ਲਈ ਖਤਰਨਾਕ ਸਾਬਤ ਹੋਣ ਵਾਲੀ ਚਾਈਨਾ ਡੋਰ ਦੀ ਵਰਤੋਂ ਸਬੰਧੀ ਨੌਜਵਾਨਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਵਲੋਂ ਇਹ ਆਖਿਆ ਗਿਆ ਕਿ ਜਦੋਂ ਦੂਜੇ ਵਿਅਕਤੀ ਵਲੋਂ ਆਪਣਾ ਪਤੰਗ ਅਸਮਾਨ ਵਿਚ ਚਾਈਨਾ ਡੋਰ ਨਾਲ ਉੜਾਇਆ ਜਾਂਦਾ ਹੈ ਤਾਂ ਉਸ ਦਾ ਪਤੰਗ ਕੱਟਣ ਲਈ ਫਿਰ ਸਾਨੂੰ ਵੀ ਚਾਈਨਾ ਡੋਰ ਦੀ ਹੀ ਵਰਤੋਂ ਕਰਨੀ ਪੈਂਦੀ ਹੈ | ਇਲਾਕੇ ਦੇ ਸੂਝਵਾਨ ਲੋਕਾਂ ਵਲੋਂ ਸੂਬਾ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਪਤੰਗਬਾਜ਼ੀ ਕਰਨ ਵਾਲਿਆਂ ਅਤੇ ਦੁਕਾਨਦਾਰਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਜਿੱਥੇ ਇਹ ਡੋਰਾਂ ਬਣਦੀਆਂ ਹਨ ਉਹਨਾਂ ਫੈਕਟਰੀਆਂ ਉੱਤੇ ਹੀ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ | ਉਹਨਾਂ ਕਿਹਾ ਕਿ ਜਿਹੜੀ ਚੀਜ਼ ਬਣ ਕੇ ਬਾਜ਼ਾਰ ਵਿਚ ਆ ਜਾਂਦੀ ਹੈ ਉਹ ਤਾਂ ਦੁਕਾਨਦਾਰਾਂ ਵਲੋਂ ਵੇਚੀ ਹੀ ਜਾਣੀ ਹੈ ਅਤੇ ਖਰੀਦਦਾਰਾਂ ਵਲੋਂ ਖਰੀਦੀ ਵੀ ਜਾਂਦੀ ਹੈ | ਦੱਸਣ ਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਨੰਗਲ ਸ਼ਹਿਰ ਵਿਚ ਦੋ ਲੋਕ ਚਾਈਨਾ ਡੋਰ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਸਨ |
ਕੀ ਕਹਿੰਦੇ ਹਨ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ
ਪਤੰਗਬਾਜਾਂ ਵਲੋਂ ਬਿਨਾਂ ਕਿਸੇ ਕਾਰਵਾਈ ਦੇ ਡਰ ਤੋਂ ਧੜੱਲੇ ਨਾਲ ਚਾਈਨਾ ਡੋਰ ਦੀ ਕੀਤੀ ਜਾ ਰਹੀ ਵਰਤੋਂ ਸਬੰਧੀ ਜਦੋਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੀ ਇਸਦੀ ਵਿਕਰੀ ਅਤੇ ਵਰਤੋਂ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਪੁਲਿਸ ਕਪਤਾਨ ਅਤੇ ਐਸ.ਡੀ.ਐਮ. ਨੰਗਲ ਵਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਚਲਦਿਆਂ ਨੰਗਲ ਪੁਲਿਸ ਵਲੋਂ 63 ਗੱਟੇ ਚਾਈਨਾ ਡੋਰ ਦੇ ਜਬਤ ਕਰਕੇ ਵੇਚਣ ਵਾਲੇ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ | ਉਹਨਾਂ ਕਿਹਾ ਕਿ ਪੁਲਿਸ ਵਲੋਂ ਫਰਜ਼ੀ ਗ੍ਰਾਹਕ ਬਣਾ ਕੇ ਵੀ ਬਾਜ਼ਾਰਾਂ ਵਿਚ ਦੁਕਾਨਾਂ ਉੱਤੇ ਭੇਜੇ ਗਏ ਹਨ, ਪਰ ਫਿਰ ਵੀ ਚਾਈਨਾ ਡੋਰ ਨਹੀਂ ਮਿਲੀ | ਉਹਨਾਂ ਮੀਡੀਆ ਰਾਹੀਂ ਪਤਵੰਤੇ ਸੱਜਣਾਂ ਅਤੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਲਾਕੇ ਅੰਦਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਦਾ ਹੈ ਤਾਂ ਤੁਰੰਤ ਉਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ, ਪੁਲਿਸ ਵਲੋਂ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਤਾਂ ਹੀ ਚਾਈਨਾ ਡੋਰ ਦੀ ਵਰਤੋਂ ਰੋਕੀ ਜਾ ਸਕਦੀ ਹੈ |



ਪਿਛਲੀ ਖ਼ਬਰ ਆਈ.ਏ.ਐੱਸ. ਅਦਿੱਤਿਆ ਡੇਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪੰਜਾਬ ਸਰਕਾਰ 10 ਲੱਖ ਰੁਪਏ ਦਾ ਸਿਹਤ ਬੀਮਾ ਕਰਕੇ ਕਰ ਰਹੀ ਹੈ ਡਰਾਮਾ, ਪਹਿਲੀਆਂ ਦਿੱਤੀਆਂ ਗਰੰਟੀਆਂ ਨਹੀਂ ਹੋ ਰਹੀਆਂ ਪੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।