ਨੂਰਪੁਰ ਬੇਦੀ, 12 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਤੋਂ ਮਵਾ-ਮੁਕਾਰੀ ਨੂੰ ਜਾਣ ਵਾਲੇ ਮਾਰਗ 'ਤੇ ਜਮਾਂ ਹੋਏ ਗੰਦੇ ਪਾਣੀ ਕਾਰਨ ਰਾਹਗੀਰਾਂ ਤੇ ਮੁਸਾਫ਼ਰਾਂ ਨੂੰ ਪੇਸ਼ ਆ ਰਹੀ ਭਾਰੀ ਪ੍ਰੇਸ਼ਾਨੀ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਸਿੰਘਪੁਰ ਵਲੋਂ ਅਹਿਮ ਉਪਰਾਲਾ ਕਰਦਿਆਂ ਪਾਣੀ ਦੀ ਨਿਕਾਸੀ ਕਰਵਾਈ ਗਈ, ਜਿਸ ਨਾਲ ਕਰੀਬ ਅੱਧਾ ਦਰਜਨ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ | ਜ਼ਿਕਰਯੋਗ ਹੈ ਕਿ ਇਸ ਰਸਤੇ ਤੋਂ ਅੱਧਾ ਦਰਜਨ ਪਿੰਡਾਂ ਦੇ ਲੋਕਾਂ, ਸਕੂਲੀ ਬੱਚਿਆਂ ਅਤੇ ਹੋਰ ਰਾਹਗੀਰਾਂ ਦੀ ਆਵਾਜਾਈ ਹੁੰਦੀ ਹੈ | ਪਿੰਡ ਸਿੰਘਪੁਰ ਦੇ ਲਾਗੇ ਚੌਰਾਹੇ ਵਾਲੇ ਸਥਾਨ 'ਤੇ ਲਗਪਗ 1 ਤੋਂ 2 ਫੁੱਟ ਤੱਕ ਗੰਦਾ ਪਾਣੀ ਜਮਾਂ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਮੋਟਰਸਾਈਕਲ ਸਵਾਰਾਂ, ਸਕੂਲੀ ਬੱਚਿਆਂ ਅਤੇ ਪੈਦਲ ਯਾਤਰੀਆਂ ਲਈ ਇਹ ਸਥਿਤੀ ਖ਼ਤਰਨਾਕ ਬਣੀ ਹੋਈ ਸੀ | ਇਸ ਸਮੱਸਿਆ ਦੇ ਚੱਲਦਿਆਂ ਗ੍ਰਾਮ ਪੰਚਾਇਤ ਸਿੰਘਪੁਰ ਨੇ ਤੁਰੰਤ ਕਾਰਵਾਈ ਕਰਦਿਆਂ ਅਸਥਾਈ ਤੌਰ 'ਤੇ ਪਾਈਪ ਪਾ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ, ਜਿਸ ਨਾਲ ਉਕਤ ਖਸਤਾ ਹਾਲਤ ਮਾਰਗ 'ਤੇ ਜਮਾਂ ਹੋਏ ਪਾਣੀ ਦੇ ਹਟ ਜਾਣ 'ਤੇ ਲੋਕਾਂ ਦਾ ਸਫ਼ਰ ਸੁਖਾਲਾ ਹੋ ਗਿਆ | ਇਸ ਸਬੰਧੀ ਸਰਪੰਚ ਦਲਜੀਤ ਕੌਰ ਦੇ ਪਤੀ ਰਵਿੰਦਰ ਸਿੰਘ, ਜੁਝਾਰ ਸਿੰਘ, ਪੰਚ ਕਮਲਜੀਤ ਸਿੰਘ, ਸੋਹਣ ਸਿੰਘ ਪੰਚ, ਕਮਲਜੀਤ ਝਾਂਗਰਾ, ਜਸ਼ਨ ਲੌਂਗੀਆ, ਬਖ਼ਸ਼ੀਸ਼ ਸਿੰਘ, ਬਾਬਾ ਬਲਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਅਸਥਾਈ ਪ੍ਰਬੰਧ ਤਹਿਤ ਪਾਈਪ ਪਾ ਕੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਗਈ ਹੈ, ਜਦਕਿ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਜਲਦੀ ਹੀ ਇਸ ਸਥਾਨ 'ਤੇ ਪੁਲੀ ਦਾ ਨਿਰਮਾਣ ਕਰਵਾਇਆ ਜਾਵੇਗਾ, ਤਾਂ ਜੋ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ |