ਸ੍ਰੀ ਚਮਕੌਰ ਸਾਹਿਬ, 14 ਫਰਵਰੀ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਰੂਪਨਗਰ ਅਤੇ ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਮਾਣੇਮਾਜਰਾ (ਸ੍ਰੀ ਚਮਕੌਰ ਸਾਹਿਬ) ਵਿਖੇ ਬਜ਼ੁਰਗਾਂ ਦੀ ਸਿਹਤ ਅਤੇ ਭਲਾਈ ਨੂੰ ਸਮਰਪਿਤ ਮੈਗਾ ਹੈਲਥ ਕੈਂਪ ਲਗਾਇਆ ਗਿਆ | ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਬਜ਼ੁਰਗਾਂ ਨੇ ਭਾਗ ਲਿਆ | ਇਸ ਮੌਕੇ ਅੰਮਿ੍ਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨਾ ਸੀ | ਕੈਂਪ ਦੀ ਸ਼ੁਰੂਆਤ ਯੋਗਾ ਸੈਸ਼ਨ ਨਾਲ ਹੋਈ, ਜਿਸ ਵਿਚ ਮਾਹਿਰਾਂ ਵਲੋਂ ਬਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸੌਖੀਆਂ ਅਤੇ ਲਾਭਦਾਇਕ ਕਸਰਤਾਂ ਕਰਵਾਈਆਂ ਗਈਆਂ | ਯੋਗਾ ਦੇ ਜ਼ਰੀਏ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ | ਕੈਂਪ ਦੌਰਾਨ ਅੱਖਾਂ ਦੀ ਮੁਫ਼ਤ ਜਾਂਚ ਲਈ ਵਿਸ਼ੇਸ਼ ਕਾਊਾਟਰ ਲਗਾਇਆ ਗਿਆ, ਜਿੱਥੇ ਮਾਹਿਰ ਡਾਕਟਰਾਂ ਵਲੋਂ ਬਜ਼ੁਰਗਾਂ ਦੀ ਦਿ੍ਸ਼ਟੀ ਦੀ ਜਾਂਚ ਕਰਕੇ ਜ਼ਰੂਰੀ ਸਲਾਹ ਦਿੱਤੀ ਗਈ ਅਤੇ ਮੁਫ਼ਤ ਐਨਕਾਂ ਵੰਡੀਆਂ ਗਈਆਂ | ਇਸ ਤੋਂ ਇਲਾਵਾ ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਤਹਿਤ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ | ਬਜ਼ੁਰਗਾਂ ਲਈ ਹੱਡੀ ਅਤੇ ਜੋੜਾਂ ਦੀ ਜਾਂਚ ਵੀ ਕੀਤੀ ਗਈ, ਜਿਸ ਨਾਲ ਗੋਡੇ, ਕਮਰ ਦਰਦ ਅਤੇ ਹੋਰ ਸਮੱਸਿਆਵਾਂ ਸਬੰਧੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ | ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਡਾ.ਅੰਜਲੀ ਚੋਧਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਇਸ ਕੈਂਪ ਵਿਚ ਆਯੁਸ਼ਮਾਨ ਭਾਰਤ ਹੈਲਥ ਅਕਾਊਾਟ (ਆਭਾ.ਆਈ.ਡੀ.) ਬਣਾਉਣ ਲਈ ਵਿਸ਼ੇਸ਼ ਡੈਸਕ ਸਥਾਪਿਤ ਕੀਤਾ ਗਿਆ, ਤਾਂ ਜੋ ਬਜ਼ੁਰਗ ਆਪਣਾ ਡਿਜੀਟਲ ਹੈਲਥ ਰਿਕਾਰਡ ਤਿਆਰ ਕਰ ਸਕਣ ਅਤੇ ਭਵਿੱਖ ਵਿਚ ਸਰਕਾਰੀ ਸਿਹਤ ਸਹੂਲਤਾਂ ਦਾ ਆਸਾਨੀ ਨਾਲ ਲਾਭ ਲੈ ਸਕਣ | ਇਸਦੇ ਨਾਲ ਹੀ ਬਜ਼ੁਰਗਾਂ ਲਈ ਪੈਨਸ਼ਨਾਂ ਸਬੰਧੀ ਮਦਦ ਕੇਂਦਰ ਬਣਾਇਆ ਗਿਆ | ਕੈਂਪ ਨੋਡਲ ਅਫ਼ਸਰ ਡਾ.ਰਜਨੀਤ ਨੇ ਕਿਹਾ ਕਿ ਇਸ ਕੈਂਪ ਨੇ ਬਜ਼ੁਰਗਾਂ ਨੂੰ ਇੱਕ ਛੱਤ ਹੇਠਾਂ ਕਈ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਕੇ ਸਮਾਜ ਵਿਚ ਉਨ੍ਹਾਂ ਦੇ ਸਨਮਾਨ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਦਰਸਾਈ | ਇਸ ਮੌਕੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਸ਼੍ਰੀ ਚਮਕੌਰ ਸਾਹਿਬ, ਡਾ.ਨੀਰੂ ਅੱਖਾਂ ਦੇ ਰੋਗਾਂ ਦੇ ਮਾਹਿਰ, ਡਾ.ਪ੍ਰਸ਼ਾਂਤ ਹੱਡੀਆਂ ਦੇ ਮਾਹਿਰ, ਡਾ.ਗਗਨਦੀਪ ਸਿੰਘ ਦੰਦਾਂ ਦੇ ਮਾਹਿਰ, ਡਾ.ਜਗਜੀਤ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ, ਯੋਗਤਾ ਫਿਜ਼ੀਓਥਰੈਫਿਸਟ, ਪ੍ਰੇਮ ਚੰਦ ਓਪਥੈਲਮਿਕ ਅਫ਼ਸਰ, ਪ੍ਰੋ.ਆਰ.ਸੀ ਢੰਡ, ਨਰੰਜਣ ਸਿੰਘ ਆਈ.ਟੀ.ਸੀ ਕਾਉਂਸਲਰ, ਅਜੇ ਸਟਾਫ਼ ਨਰਸ, ਹਰਵਿੰਦਰ ਸਿੰਘ ਬੀ.ਈ.ਈ, ਇੰਦਰਜੀਤ ਸਿੰਘ ਡੀ.ਪੀ.ਐਸ, ਨਾਗਰ ਸਿੰਘ ਸੁਪਰਵਾਈਜ਼ਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ | ਸ੍ਰੀ ਚਮਕੌਰ ਸਾਹਿਬ ਵਿਖੇ ਲਗਾਏ ਮੈਗਾ ਸਿਹਤ ਕੈਂਪ ਦੀ ਤਸਵੀਰ | ਤਸਵੀਰ: ਜਗਮੋਹਣ ਸਿੰਘ ਨਾਰੰਗ