ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਮੁੱਖ ਡਾਕਘਰ ਦਾ ਕੁਦਰਤੀ ਸ਼ਿੰਗਾਰ ਬੋਹੜ ਦਾ ਰੁੱਖ ਵੱਢਣ ਕਾਰਨ ਇਲਾਕੇ ਦੇ ਚੌਗਿਰਦਾ ਪ੍ਰੇਮੀ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਮੁੱਖ ਡਾਕਘਰ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਦੀ ਸਰਕਾਰੀ ਕੋਠੀ ਦੇ ਸਾਹਮਣੇ ਸਥਿਤ ਹੈ | ਡੀ.ਐੱਸ.ਪੀ. ਹਰਕੀਰਤ ਸਿੰਘ ਦਾ ਦਫ਼ਤਰ ਵੀ ਡਾਕਘਰ ਦੇ ਗੁਆਂਢ 'ਚ ਹੈ | ਚੇਤੇ ਰਹੇ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਟਾਊਨਸ਼ਿਪ ਖੇਤਰ 'ਚ ਰੁੱਖ ਵੱਢਣ/ਪੱਤੇ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ | ਬੀ.ਬੀ.ਐੱਮ.ਬੀ. ਦੇ ਸੂਤਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਹ ਸਾਡਾ ਅਧਿਕਾਰ ਖੇਤਰ ਨਹੀਂ ਹੈ | ਮੈਡਮ ਮੋਨੀਕਾ ਯਾਦਵ ਆਈ.ਐੱਫ.ਐੱਸ. ਡੀ .ਐੱਫ. ਓ. ਵਾਈਲਡ ਲਾਈਫ ਰੂਪਨਗਰ ਨੇ ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੂੰ ਵਟਸਐਪ ਸੰਦੇਸ਼ ਰਾਹੀਂ ਦੱਸਿਆ ਕਿ ਇਹ ਖਿੱਤਾ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰ ਖੇਤਰ 'ਚ ਨਹੀਂ ਹੈ | ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਕਿਹਾ ਕਿ ਰਾਸ਼ਟਰੀ ਰੁੱਖ ਨੂੰ ਵੱਢਣਾ ਅਪਰਾਧ ਹੈ | ਚੇਅਰਮੈਨ ਪ੍ਰਭਾਤ ਭੱਟੀ ਨੇ ਬੀ.ਬੀ.ਅੱੈਮ.ਬੀ. ਦੇ ਅਧਿਕਾਰੀਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਬੋਰਡ ਦੇ ਕਈ ਅਧਿਕਾਰੀ ਕਥਿਤ ਤੌਰ 'ਤੇ ਚੌਗਿਰਦਾ ਵਿਰੋਧੀ ਹਨ ਤੇ ਟਾਊਨਸ਼ਿਪ 'ਚੋਂ ਵੱਡੀ ਗਿਣਤੀ 'ਚ ਰੁੱਖ ਵੱਢੇ ਗਏ ਹਨ | ਇਸੇ ਦੌਰਾਨ ਇਸ ਪੱਤਰਕਾਰ ਨੂੰ ਉਹ ਸਰਕਾਰੀ ਚਿੱਠੀ ਵੀ ਮਿਲੀ ਹੈ ਜਿਸ 'ਚ ਡਾਕ ਵਿਭਾਗ 3.11.2025 ਨੂੰ ਚੀਫ਼ ਇੰਜੀਨੀਅਰ ਭਾਖੜਾ ਡੈਮ ਤੋਂ ਡਾਕਘਰ ਦੀ ਜ਼ਮੀਨ ਸਬੰਧੀ ਦਸਤਾਵੇਜ਼ ਮੰਗ ਰਿਹਾ ਹੈ, ਜਦੋਂ ਕਿ ਡਾਕਘਰ 1958 ਤੋਂ ਚੱਲ ਰਿਹਾ ਹੈ | ਅੱਜ ਹੀ ਰਜਿਸਟਡ ਡਾਕ ਰਾਹੀਂ ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਮੈਡਮ ਮੋਨੀਕਾ ਯਾਦਵ ਆਈ.ਐੱਫ.ਐੱਸ. ਨੂੰ ਇਕ ਵਿਸਤਿ੍ਤ ਸ਼ਿਕਾਇਤ ਭੇਜੀ ਹੈ | ਇਸ ਗੰਭੀਰ ਸ਼ਿਕਾਇਤ 'ਚ ਮਾਈਨਿੰਗ/ਰੁੱਖ ਵੱਢਣ ਬਾਰੇ ਕਾਫ਼ੀ ਵੇਰਵੇ ਹਨ | ਚੇਤੇ ਰਹੇ ਕਿ ਇਕ ਸਰਕਾਰੀ ਮੁਲਾਜ਼ਮ ਨੇ ਆਰ.ਟੀ.ਆਈ. ਕਾਰਕੁੰਨ ਦਾ ਮੋਬਾਈਲ ਨੰਬਰ ਕਥਿਤ ਤੌਰ 'ਤੇ ਰੁੱਖ ਵੱਢਣ ਵਾਲਿਆਂ ਨੂੰ ਦੇ ਦਿੱਤਾ ਗਿਆ ਸੀ ਜਿਨ੍ਹਾਂ ਨੇ ਫ਼ੋਨ 'ਤੇ ਭੱਦੇ ਸ਼ਬਦ ਵੀ ਵਰਤੇ |