ਨੂਰਪੁਰ ਬੇਦੀ, 17 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਭਾਉਵਾਲ ਵਿਖੇ ਅਣਪਛਾਤੇ ਚੋਰਾਂ ਨੇ ਫਿਰਨੀ ਤੋਂ ਬਾਹਰ ਬਣੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਲਾ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਦਲਜੀਤ ਕੌਰ ਪਤਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਭਰਜਾਈ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸਨੂੰ ਹਸਪਤਾਲ ਲੈ ਕੇ ਗਈ ਹੋਈ ਸੀ | ਹਸਪਤਾਲ ਤੋਂ ਛੁੱਟੀ ਹੋਣ ਮਗਰੋਂ ਉਹ ਆਪਣੇ ਘਰ ਭਾਉਵਾਲ ਆਉਣ ਦੀ ਬਜਾਏ ਆਪਣੇ ਪੇਕੇ ਘਰ ਕਲਮਾਂ ਚਲੀ ਗਈ ਸੀ ਤੇ ਘਰ ਵਿਖੇ ਕੋਈ ਨਹੀਂ ਸੀ | ਉਸਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਜਦੋਂ ਉਹ ਵਾਪਸ ਆਪਣੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਅੰਦਰਲੇ ਮੇਨ ਦਰਵਾਜ਼ੇ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਘਰ ਅੰਦਰ ਸਾਰਾ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ | ਅਲਮਾਰੀਆਂ ਅਤੇ ਬਕਸੇ ਖੋਲ੍ਹ ਕੇ ਚੋਰਾਂ ਵਲੋਂ ਸੋਨੇ ਚਾਂਦੀ ਦੇ ਗਹਿਣੇ, 12 ਹਜ਼ਾਰ ਰੁਪਏ ਨਗਦੀ ਅਤੇ ਅਣਸੀਤੇ ਲੇਡੀਜ਼ ਸੂਟ ਚੋਰੀ ਕੀਤੇ ਗਏ ਹਨ | ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਰ ਦੇ ਆਲੇ-ਦੁਆਲੇ ਜਾਂਚ ਕੀਤੀ | ਇਸ ਦੌਰਾਨ ਪੁਲਿਸ ਵਲੋਂ ਸਰਕਾਰੀ ਹਾਈ ਸਕੂਲ ਭਾਉਵਾਲ ਲਾਗੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ 'ਤੇ ਪਤਾ ਲੱਗਾ ਹੈ ਕਿ ਚੋਰ ਜਿਨ੍ਹਾਂ ਦੀ ਗਿਣਤੀ ਚਾਰ ਸੀ ਨੇ ਆਪਣੇ ਹੱਥਾਂ ਵਿਚ ਰਾਡਾਂ ਵਗ਼ੈਰਾ ਫੜੀਆਂ ਹੋਈਆਂ ਸਨ | ਸਥਾਨਕ ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਫਿੰਗਰ ਪਿ੍ੰਟ ਮਾਹਰਾਂ ਨੂੰ ਵੀ ਬੁਲਾਇਆ ਗਿਆ ਤੇ ਪੁਲਿਸ ਗੰਭੀਰਤਾ ਨਾਲ ਜਾਂਚ ਵਿਚ ਜੁੱਟ ਗਈ ਹੈ ਜਲਦ ਹੀ ਪੁਲਿਸ ਵਲੋਂ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ |