ਨੂਰਪੁਰ ਬੇਦੀ, 27 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪਿੰਡ ਕਾਂਗੜ ਦੇ 19 ਸਾਲਾਂ ਨੌਜਵਾਨ ਅਰਸ਼ਦੀਪ ਦੀ ਪਵਿੱਤਰ ਯਾਦ ਵਿਚ ਭਲਕੇ ਐਤਵਾਰ, 1 ਮਾਰਚ ਨੂੰ ਸਾਲਾਨਾ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ | ਅਰਸ਼ਦੀਪ ਨੇ ਭਾਵੇਂ ਸੜਕ ਹਾਦਸੇ ਵਿਚ ਆਪਣੀ ਜਾਨ ਗਵਾ ਦਿੱਤੀ ਸੀ, ਪਰ ਉਸ ਦੇ ਪਰਿਵਾਰ ਵਲੋਂ ਲਏ ਗਏ ਮਨੁੱਖਤਾ ਭਰੇ ਫ਼ੈਸਲੇ ਨੇ ਛੇ ਹੋਰ ਜ਼ਿੰਦਗੀਆਂ ਨੂੰ ਨਵੀਂ ਸਾਹ ਦਿੱਤੀ | ਅਰਸ਼ਦੀਪ ਦੇ ਪਿਤਾ ਸੂਬੇਦਾਰ ਨਰੇਸ਼ ਕੁਮਾਰ ਨੇ ਆਪਣੇ ਪੁੱਤਰ ਦੇ ਛੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਭਾਰਤੀ ਫ਼ੌਜ ਨਾਲ ਸੰਬੰਧਿਤ ਛੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਕੀਮਤੀ ਜਾਨਾਂ ਬਚ ਸਕੀਆਂ | ਇਹ ਮਨੁੱਖਤਾ ਦਾ ਵਿਲੱਖਣ ਉਦਾਹਰਨ ਬਣਿਆ ਅਤੇ ਅੱਜ ਵੀ ਲੋਕਾਂ ਲਈ ਪ੍ਰੇਰਣਾ ਸਰੋਤ ਹੈ | ਕੈਂਪ ਦੌਰਾਨ ਭਾਰਤੀ ਫ਼ੌਜ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ | ਕਮਾਂਡ ਹਸਪਤਾਲ ਡੰਡੀ ਮੰਦਰ ਦੀ ਮਾਹਿਰ ਟੀਮ ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕਰੇਗੀ, ਜਦਕਿ ਪੀ.ਜੀ.ਆਈ. ਚੰਡੀਗੜ੍ਹ ਦੀ ਅੰਗਦਾਨ ਜਾਗਰੂਕਤਾ ਟੀਮ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਵੇਗੀ | ਸੂਬੇਦਾਰ ਨਰੇਸ਼ ਕੁਮਾਰ ਨੇ ਭਾਵੁਕ ਹੋ ਕੇ ਕਿਹਾ, ''ਅੱਜ ਵੀ ਮੇਰੇ ਪੁੱਤਰ ਦੇ ਅੰਗ ਛੇ ਜਿੰਦਗੀਆਂ ਦੇ ਸਰੀਰਾਂ ਵਿਚ ਧੜਕ ਰਹੇ ਹਨ | ਇਹੀ ਮੇਰੇ ਲਈ ਸਭ ਤੋਂ ਵੱਡੀ ਤਸੱਲੀ ਹੈ |U ਇਹ ਖ਼ੂਨਦਾਨ ਕੈਂਪ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਮਨੁੱਖਤਾ, ਸੇਵਾ ਅਤੇ ਬਲਿਦਾਨ ਦੀ ਜੀਵੰਤ ਮਿਸਾਲ ਬਣਨ ਜਾ ਰਿਹਾ ਹੈ, ਜਿਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਲਾਈ ਦੇ ਕੰਮਾਂ ਵੱਲ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ | ਦੱਸਣ ਯੋਗ ਹੈ ਕਿ ਭਾਰਤੀ ਫ਼ੌਜ ਦੀ ਕਮਾਂਡ ਚੰਡੀ ਮੰਦਰ ਦੀ ਮੈਡੀਕਲ ਟੀਮ ਇਲਾਕੇ ਵਿਚ ਸਿਰਫ ਇਸੇ ਕੈਂਪ ਨੂੰ ਲਗਾਉਣ ਲਈ ਆਉਂਦੀ ਹੈ, ਜਿਸ ਨੂੰ ਭਾਰਤੀ ਫ਼ੌਜ ਦੇ ਪਰਿਵਾਰ ਨੌਜਵਾਨ ਅਰਸ਼ਦੀਪ ਤੇ ਉਹਨਾਂ ਦੇ ਪਰਿਵਾਰ ਵਲੋਂ ਕੀਤੇ ਗਏ ਵੱਡੇ ਉਦਮ ਤੇ ਉਪਰਾਲੇ ਨੂੰ ਦਿੱਤੇ ਜਾ ਰਹੇ ਸਤਿਕਾਰ ਵਲੋਂ ਦੇਖਦੇ ਹਨ | ਇਸ ਕੈਂਪ ਦੇ ਪ੍ਰਬੰਧ ਵਿਚ ਪ੍ਰਧਾਨ ਮਲਕੀਤ ਧੀਮਾਨ ਗੁਰਮੇਲ ਚੰਦ ਭਜਨ ਲਾਲ ਕਾਂਗੜ ਬਲਵੀਰ ਚੰਦ ਤਰਸੇਮ ਲਾਲ ਧੀਮਾਨ ਰਕੇਸ਼ ਤਿਮਾਨ ਤੇ ਸਮੂਹ ਨਗਰ ਨਿਵਾਸੀ ਤੇ ਸਾਰੇ ਨੌਜਵਾਨ ਸ਼ਾਮਿਲ ਹਨ |