ਸ੍ਰੀ ਅਨੰਦਪੁਰ ਸਾਹਿਬ, 28 ਅਪ੍ਰੈਲ (ਪੱਤਰ ਪ੍ਰੇਰਕ)-ਪੰਜਾਬ ਪੁਲਿਸ ਦੇ ਮੁਅੱਤਲ ਕੀਤੇ ਗਏ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਮਾਮਲੇ ਨੂੰ ਲੈ ਕੇ ਈ.ਡੀ. ਵਲੋਂ ਕੀਤੀ ਗਈ ਚੰਡੀਗੜ੍ਹ, ਪਟਿਆਲਾ, ਨਾਭਾ ਅਤੇ ਜਲੰਧਰ ਵਿਖੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਸਥਿਤ ਕਰੈਸ਼ਰ ਜ਼ੋਨ ਵਿਖੇ ਸਥਿਤ ਇੱਕ ਫਾਰਮ ਹਾਊਸ 'ਤੇ ਦੇਰ ਰਾਤ ਛਾਪੇਮਾਰੀ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਦੀਆਂ ਚਰਚਾਵਾਂ ਅਤੇ ਅਫ਼ਵਾਹਾਂ ਚਲਦੀਆਂ ਰਹੀਆਂ | ਜਿਸ ਨੂੰ ਲੈ ਕੇ ਕਰੈਸ਼ਰ ਮਾਲਕਾਂ ਵਿਚ ਕਾਫ਼ੀ ਭੱਜ-ਦੌੜ ਵੀ ਦੇਖਣ ਮਿਲੀ | ਪਰੰਤੂ ਜ਼ਿਲ੍ਹਾ ਪੁਲਿਸ ਵਲੋਂ ਇਨ੍ਹਾਂ ਚਰਚਾਵਾਂ ਨੂੰ ਪੂਰਨ ਰੂਪ ਨਾਲ ਖੰਡਨ ਕਰਦਿਆਂ ਕਿਹਾ ਗਿਆ ਹੈ ਕਿ ਅਜਿਹੀ ਕੋਈ ਵੀ ਘਟਨਾ ਇਲਾਕੇ ਅੰਦਰ ਨਹੀਂ ਵਾਪਰੀ ਹੈ ਤੇ ਨਾ ਹੀ ਉਨ੍ਹਾਂ ਦੇ ਧਿਆਨ ਵਿਚ ਕੋਈ ਅਜਿਹੀ ਘਟਨਾ ਆਈ ਹੈ | ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਕਰੈਸ਼ਰ ਜ਼ੋਨ ਵਿਖੇ ਇਹ ਵੀ ਚਰਚਾ ਹੈ ਕਿ ਪੰਜਾਬ ਪੁਲਿਸ ਦੇ ਮੁਅੱਤਲ ਕੀਤੇ ਗਏ ਡੀ.ਆਈ.ਜ਼ੀ. ਹਰਚਰਨ ਸਿੰਘ ਭੁੱਲਰ ਵਲੋਂ ਬੀਤੇ ਸਮਿਆਂ ਦੌਰਾਨ ਜ਼ਮੀਨ ਖ਼ਰੀਦ ਕੇ ਇੱਕ ਫਾਰਮ ਹਾਊਸ ਬਣਾਇਆ ਗਿਆ ਸੀ | ਜਿਸ ਤੋਂ ਬਾਅਦ ਉਨ੍ਹਾ ਵਲੋਂ ਕਾਫ਼ੀ ਸਮਾਂ ਪਹਿਲਾਂ ਇਹ ਜ਼ਮੀਨ ਅੱਗੇ ਵੀ ਵੇਚ ਦਿੱਤੀ ਗਈ ਸੀ | ਅਤੇ ਨਵੇਂ ਖ਼ਰੀਦਦਾਰਾਂ ਵਲੋਂ ਵੀ ਇਸ ਜ਼ਮੀਨ ਨੂੰ ਹੋਰ ਅੱਗੇ ਕਈ ਥਾਵਾਂ 'ਤੇ ਵੇਚਣ ਦੀ ਚਰਚਾ ਹੈ | ਇਸ ਜ਼ਮੀਨ ਕਾਰਨ ਹੀ ਛਾਪੇਮਾਰੀ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਸੀ | ਇਸ ਸਬੰਧੀ ਉਪ ਪੁਲਿਸ ਕਪਤਾਨ ਜ਼ਸਨਦੀਪ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾ ਤਾਂ ਕੋਈ ਛਾਪੇਮਾਰੀ ਹੋਈ ਹੈ ਅਤੇ ਨਾ ਹੀ ਕਿਸੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪਰੰਤੂ ਜਿਸ ਵਿਅਕਤੀ ਦੀ ਗਿ੍ਫ਼ਤਾਰੀ ਦਾ ਰੌਲਾ ਪਾਇਆ ਜਾ ਰਿਹਾ ਹੈ, ਉਹ ਇਸ ਸਬੰਧੀ ਵੀ ਜਾਂਚ ਕਰ ਰਹੇ ਹਨ ਕਿ ਉਸ ਵਿਅਕਤੀ ਨੂੰ ਕਿੱਥੋਂ ਗਿ੍ਫ਼ਤਾਰ ਕੀਤਾ ਗਿਆ ਹੈ |