ਰੂਪਨਗਰ, 14 ਮਈ (ਸਤਨਾਮ ਸਿੰਘ ਸੱਤੀ)- ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸੰਤ ਕਰਮ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਅਕੈਡਮੀ ਦੇ 15 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 30 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਇਸ ਉਪਲਬਧੀ ਦੇ ਮੱਦੇਨਜ਼ਰ ਸਕੂਲ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਦੀ ਮਿਹਨਤ ਤੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਗਈ | ਸਕੂਲ ਦੇ ਵਿਦਿਆਰਥੀ ਭੂਮਿਕ, ਕਿਰਨਪ੍ਰੀਤ, ਗਗਨਜੋਤ, ਹਰਸ਼ਦੀਪ, ਕਿਰਨਦੀਪ, ਰਮਨਜੀਤ ਤੇ ਸੁਖਵਿੰਦਰ ਨੇ ਪੰਜਾਬੀ ਵਿਸ਼ੇ ਵਿਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਮਾਣ ਹਾਸਲ ਕੀਤਾ | ਇਸ ਤੋਂ ਇਲਾਵਾ ਤਨਵੀ ਨੇ ਅੰਗਰੇਜ਼ੀ ਵਿਸ਼ੇ ਵਿਚ 100 ਵਿੱਚੋਂ 100 ਅੰਕ ਲੈ ਕੇ ਵਿਲੱਖਣ ਉਪਲਬਧੀ ਦਰਜ ਕੀਤੀ | ਵੱਖ-ਵੱਖ ਵਿਸ਼ਿਆਂ ਵਿਚ ਵੀ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕੀਤੇ | ਬਿਜ਼ਨਸ ਸਟੱਡੀ ਤੇ ਅਰਥਸ਼ਾਸਤਰ ਵਿਚ 97 ਅੰਕ, ਕੈਮਿਸਟਰੀ, ਇਤਿਹਾਸ ਤੇ ਪੋਲਿਟੀਕਲ ਸਾਇੰਸ ਵਿਚ 96 ਅੰਕ, ਫਿਜ਼ਿਕਸ ਤੇ ਅਕਾਊਾਟੈਂਸੀ ਵਿਚ 95 ਅੰਕ, ਗਣਿਤ ਵਿਚ 94 ਤੇ ਬਾਇਓਲੋਜੀ ਵਿਚ 92 ਅੰਕ ਪ੍ਰਾਪਤ ਕੀਤੇ ਗਏ | ਇਸ ਮੌਕੇ ਬਾਬਾ ਸੁਰਜਨ ਸਿੰਘ, ਬਾਬਾ ਜੁਝਾਰ ਸਿੰਘ ਤੇ ਸਕੂਲ ਪਿ੍ੰਸੀਪਲ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਹਨ |