ਡੇਰਾਬੱਸੀ, 6 ਜੂਨ (ਰਣਬੀਰ ਸਿੰਘ ਪੜੀ)- ਜੂਨ 1984 ਦੇ ਅੱਲੇ ਜ਼ਖ਼ਮਾਂ ਅਤੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਲੜੀਵਾਰ ਕੀਰਤਨ ਅਤੇ ਕਥਾ ਗੁਰਮਤਿ ਸਮਾਗਮ ਗੁਰਦੁਆਰਾ ਦਿਹਾਤੀ ਸ੍ਰੀ ਗੁਰੂ ਸਿੰਘ ਸਭਾ ਡੇਰਾਬੱਸੀ ਵਿਖੇ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਸੰਪੰਨ ਹੋਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਰਾਬੱਸੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਛੇ ਰੋਜ਼ਾ ਮਹਾਨ ਗੁਰਮਤਿ ਸਮਾਗਮ 'ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰਦਿਆਂ ਜੂਨ '84 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | 1 ਜੂਨ ਤੋਂ ਸ਼ੁਰੂ ਹੋਏ ਇਹ ਸਮਾਗਮ ਅੱਜ 6 ਜੂਨ ਨੂੰ ਦੇਰ ਸ਼ਾਮ ਸੰਪੰਨ ਹੋਏ | ਸਮਾਗਮ ਦੌਰਾਨ ਰੋਜ਼ਾਨਾ ਸ਼ਾਮ ਦੇ 6.30 ਵਜੇ ਤੋਂ ਲੈ ਕੇ ਰਾਤ ਦੇ 9.30 ਵਜੇ ਤੱਕ ਗੁਰਬਾਣੀ ਪ੍ਰਵਾਹ ਜਾਰੀ ਰਹੇ | ਇਸ ਤੋਂ ਪਹਿਲਾਂ ਦੀਵਾਨਾਂ ਦੌਰਾਨ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਅਤੇ ਆਰਤੀ ਕੀਰਤਨ ਦੇ ਗਾਇਨ ਕੀਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਦਮਦਮੀ ਟਕਸਾਲ ਮਹਿਤਾ ਚੌਕ ਦੇ ਜਥਿਆਂ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ-ਵਿਚਾਰਾਂ ਦੁਆਰਾ ਨਿਹਾਲ ਕੀਤਾ ਗਿਆ | ਸਮਾਗਮ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਰਾਗੀ-ਢਾਡੀ ਜਥਿਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਰੋਜ਼ਾਨਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |