ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ. ਐਸ. ਨਿੱਕੂਵਾਲ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਸੂਬੇ ਭਰ ਦੀਆਂ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨ ਦੇ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਪ੍ਰਧਾਨਗੀ ਲਈ 11 ਅਹੁਦਿਆਂ ਵਿੱਚੋਂ 5 ਐਸ.ਸੀ. ਵਰਗ, 5 ਔਰਤਾਂ ਸਮੇਤ ਐਸ.ਸੀ. ਔਰਤਾਂ ਅਤੇ 1 ਬੀ.ਸੀ. ਵਰਗ ਲਈ ਰਾਖਵੇਂ ਕੀਤੇ ਗਏ ਹਨ ਜਦੋਕਿ ਬਾਕੀ ਰਹਿੰਦੇ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਹੁਦਿਆਂ ਨੂੰ ਜਨਰਲ ਵਰਗ ਲਈ ਰੱਖ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਪੈਂਦੀ ਨਗਰ ਪ੍ਰੰਚਾਇਤ ਸ੍ਰੀ ਕੀਰਤਪੁਰ ਸਾਹਿਬ ਤੋਂ ਇਲਾਵਾ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਪ੍ਰਧਾਨ ਦੀ ਚੋਣ ਜਨਰਲ ਵਰਗ ਨਾਲ ਸਬੰਧਿਤ ਹੋਵੇਗੀ। ਇੱਥੇ ਦੱਸ ਦੇਈਏ ਕਿ ਹਲਕੇ ਦੀ 19 ਮੈਂਬਰੀ ਦਰਜਾ ਇੱਕ ਨਗਰ ਕੌਂਸਲ ਨੰਗਲ ਵਿਚ ਆਮ ਆਦਮੀ ਪਾਰਟੀ ਦੇ 7, ਕਾਂਗਰਸ ਦੇ 8, ਭਾਜਪਾ ਦੇ 3 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਇਸ ਤੋਂ ਬਿਨ੍ਹਾਂ 13 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 11 ਅਤੇ 2 ਆਜ਼ਾਦ ਕੌਂਸਲਰ ਚੋਣ ਜਿੱਤੇ ਹਨ। ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 4, ਅਕਾਲੀ ਦਲ ਦਾ 1 ਅਤੇ 6 ਆਜ਼ਦ ਉਮੀਦਵਾਰ ਚੋਣ ਜਿੱਤੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਨਗਰ ਕੌਂਸਲਾਂ ਦੀ ਪ੍ਰਧਾਨਗੀ ਦੀ ਚੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਰੋਧੀ ਧਿਰ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਪੂਰੀ ਤਰ੍ਹਾਂ ਸਰਗਰਮੀ ਦਿਖਾ ਰਹੇ ਹਨ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ’ਤੇ ਸੱਜੇਗਾ ਅਤੇ ਕਿਹੜੀ ਧਿਰ ਪ੍ਰਧਾਨਗੀ ’ਤੇ ਕਾਬਜ਼ ਹੋਵੇਗੀ। ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਚ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ।