08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮੰਗਾਂ ਨੂੰ ਲੈ ਕੇ ਜੰਗਲਾਤ ਕਾਮੇ 26 ਨੂੰ ਵਣ ਮੰਤਰੀ ਦੇ ਹਲਕਾ ਭੋਆ ਵਿਖੇ ਕਰਨਗੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 22-06-2026


ਨੂਰਪੁਰ ਬੇਦੀ, 21 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜੰਗਲਾਤ ਵਿਭਾਗ ਦੇ ਡੇਲੀਵੇਜ ਅਤੇ ਹੋਰ ਵਰਕਰਾਂ ਨਾਲ ਜੁੜੀਆਂ ਲਟਕਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ 24 ਜੂਨ ਨੂੰ ਵਣ ਮੰਤਰੀ ਨਾਲ ਹੋਣ ਵਾਲੀ ਮੀਟਿੰਗ ‘ਚ ਮੰਗਾਂ ਦਾ ਹੱਲ ਨਾ ਹੋਇਆ ਤਾਂ 26 ਜੂਨ ਨੂੰ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ‘ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੂਬਾ ਸਕੱਤਰ ਜਸਵਿੰਦਰ ਸਿੰਘ, ਜਨਰਲ ਸਕੱਤਰ ਜਸਵੀਰ ਸਿੰਘ ਸ਼ੇਰਾ, ਵਿੱਤ ਸਕੱਤਰ ਅਮਨਦੀਪ ਸਿੰਘ ਭੱਟ, ਚੇਅਰਮੈਨ ਵਿਕਰਮ ਸਿੰਘ ਚਹਿਲ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ ਅਤੇ ਬਲਰਾਜ ਸਿੰਘ ਪਠਾਨਕੋਟ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਚ 27-28 ਸਾਲਾਂ ਤੋਂ ਸੇਵਾ ਨਿਭਾ ਰਹੇ ਡੇਲੀਵੇਜ ਸੀਨੀਅਰ ਅਨਪੜ੍ਹ ਕਾਮਿਆਂ ਨਾਲ ਸਰਕਾਰ ਵਲੋਂ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 10-11 ਸਾਲ ਦੀ ਸੇਵਾ ਵਾਲੇ ਕੁੱਝ ਜੂਨੀਅਰ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਗਿਆ, ਜਦਕਿ ਸਾਲਾਂ ਤੋਂ ਕੰਮ ਕਰ ਰਹੇ ਸੀਨੀਅਰ ਕਾਮਿਆਂ ਨੂੰ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਜੰਗਲਾਤ ਕਾਮਿਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਨਾਂ ਦੇ ਪਰਿਵਾਰ ਗੰਭੀਰ ਆਰਥਿਕ ਸੰਕਟ ‘ਚ ਹਨ। ਆਗੂਆਂ ਨੇ ਦੱਸਿਆ ਕਿ ਮਾਣਯੋਗ ਅਦਾਲਤਾਂ ਦੇ ਫ਼ੈਸਲਿਆਂ ਦੇ ਬਾਵਜੂਦ ਕੁੱਝ ਜੂਨੀਅਰ ਵਰਕਰਾਂ ਨੂੰ ਬਕਾਇਆ ਜਾਰੀ ਕਰ ਦਿੱਤਾ ਗਿਆ, ਪਰ ਸੀਨੀਅਰਾਂ ਦੇ ਹੱਕ ਅਜੇ ਵੀ ਰੋਕੇ ਹੋਏ ਹਨ। ਉਨਾਂ ਮੰਗ ਕੀਤੀ ਗਈ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 519 ਸੀਨੀਅਰ ਅਨਪੜ੍ਹ ਕਾਮਿਆਂ ਨੂੰ ਬਿਨਾਂ ਕਿਸੇ ਸ਼ਰਤ ਪੱਕਾ ਕੀਤਾ ਜਾਵੇ, 30 ਜੁਲਾਈ ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਫ਼ੁਲ ਸਕੇਲ ਸਹਿਤ ਤਨਖ਼ਾਹਾਂ ਦਿੱਤੀਆਂ ਜਾਣ, ਸੀਨੀਅਰਤਾ ਸੂਚੀ 31 ਮਾਰਚ 2026 ਤੱਕ ਅੱਪਡੇਟ ਕੀਤੀ ਜਾਵੇ ਅਤੇ ਮਨਰੇਗਾ ਜਾਂ ਠੇਕੇਦਾਰਾਂ ਰਾਹੀਂ ਵਿਭਾਗੀ ਕੰਮ ਕਰਵਾਉਣਾ ਬੰਦ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 26 ਜੂਨ ਦਾ ਧਰਨਾ ਅਟੱਲ ਹੋਵੇਗਾ। ਮੀਟਿੰਗ ‘ਚ ਸੁਲੱਖਣ ਮੋਹਾਲੀ, ਮਲਕੀਤ, ਪ੍ਰਕਾਸ਼, ਗੁਰਨਾਮ, ਭੁਪਿੰਦਰ ਦਸੂਹਾ, ਕਰਮ ਸਿੰਘ ਹਰੀਕੇ, ਪਰਮਜੀਤ ਸਿੰਘ, ਜਗਤਾਰ ਸਿੰਘ ਅਤੇ ਭੁਪਿੰਦਰ ਸੰਘੇੜੀ ਆਦਿ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਭਾਰਤ ਦੀ ਪ੍ਰਾਚੀਨ ਯੋਗ ਪਰੰਪਰਾ ਅੱਜ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਹਿਚਾਣ ਬਣਾਉਣ ਵਿਚ ਸਫ਼ਲ ਰਹੀ-ਹਰਜੋਤ ਬੈਂਸ ਅਗਲੀ ਖ਼ਬਰ ਰੂਪਨਗਰ ਜ਼ਿਲ੍ਹੇ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।