ਨੰਗਲ, 23 ਜੂਨ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਦਿਨੀ ਇਲਾਕੇ ਦੇ ਵੱਖ-ਵੱਖ ਮੰਦਰਾਂ ਵਿਚ ਰਾਤਾਂ ਨੂੰ ਚੋਰੀਆਂ ਕਰਨ ਵਾਲਾ ਇੱਕ ਪ੍ਰਵਾਸੀ ਨਸ਼ੇੜੀ ਨੌਜਵਾਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਨੰਗਲ ਮੁਖੀ ਇੰਸਪੈਕਟਰ ਦਾਨਿਸ਼ਬੀਰ ਸਿੰਘ ਨੇ ਬੁਲਾਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੇ ਦਿਨ ਪਿੰਡ ਕਥੇੜਾ ਅਤੇ ਮੈਦਾ ਮਾਜਰਾ ਦੇ ਮੰਦਰਾਂ ਵਿਖੇ ਚੋਰੀ ਹੋਣ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਮਗਰੋਂ ਰਾਜ ਕੁਮਾਰ ਪੁੱਤਰ ਤਰਸੇਮ ਲਾਲ ਵਲੋਂ ਮੰਦਰ ਵਿਚ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਵਲੋਂ ਇਸ ਸਬੰਧੀ ਮੁਕੱਦਮਾ ਨੰਬਰ 118 ਅਧੀਨ ਧਾਰਾ 331( 4) ਅਤੇ 305 ਬੀਐਨਐਸ ਪੁਲਿਸ ਥਾਣਾ ਨੰਗਲ ਵਿਚ ਕੀਤਾ ਗਿਆ। ਉਪਰੰਤ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਤਫ਼ਤੀਸ਼ ਦੌਰਾਨ ਬੇਰੂ ਮੰਡਲ ਵਾਸੀ ਅਨਾਜ ਮੰਡੀ ਨਜ਼ਦੀਕ ਝੁੰਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਸ ਨੇ ਮੰਨਿਆ ਕਿ ਇਸ ਵਲੋਂ ਤਿੰਨ ਮੰਦਰਾਂ ਵਿਚ ਚੋਰੀ ਕੀਤੀ ਹੈ ਅਤੇ ਪੁਲਿਸ ਨੇ ਇਸ ਕੋਲੋਂ ਇੱਕ ਮੰਦਰ ਵਿਚੋਂ 1800 ਰੁਪਏ ਭਾਨ ਵਗ਼ੈਰਾ ਜੋ ਚੋਰੀ ਕੀਤੀ ਗਈ ਸੀ। ਉਸ ਵਿਚੋਂ 1000 ਰੁਪਏ ਬਰਾਮਦ ਕੀਤੇ ਹਨ। ਇਸ ਵਲੋਂ ਚੋਰੀ ਕਰਨ ਲਈ ਵਰਤੇ ਗਏ ਉਜਾਰ ਜਿਨ੍ਹਾਂ ਵਿਚ ਇੱਕ ਸੱਬਲ਼ ਅਤੇ ਇੱਕ ਲੋਹੇ ਦੀ ਰਾੜ ਬਰਾਮਦ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਦਾ ਡੋਪ ਟੈੱਸਟ ਕਰਵਾਇਆ ਗਿਆ ਹੈ, ਜੋ ਕਿ ਪੋਜੀਟਿਵ ਆਇਆ ਹੈ ਅਤੇ ਇਹ ਹੈਰੋਇਨ ਲੈਣ ਦਾ ਆਦੀ ਹੈ, ਪੁਲਿਸ ਵਲੋਂ ਇਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਵਧੇਰੇ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਦਾਨਸ਼ਬੀਰ ਸਿੰਘ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ੱਕੀ ਜਾਂ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਸਬੰਧੀ ਇਲਾਕੇ ਵਿਚ ਕਿਸੇ ਨੂੰ ਪਤਾ ਚੱਲਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।