ਨੂਰਪੁਰ ਬੇਦੀ, 23 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਲਖਣੋਂ ਵਿਖੇ ਚੋਰਾਂ ਨੇ ਇੱਕ ਐਨ.ਆਰ.ਆਈ. ਦੇ ਨਵੇਂ ਬਣ ਰਹੇ 2 ਮੰਜ਼ਿਲਾਂ ਮਕਾਨ ‘ਚੋਂ ਬਿਜਲੀ ਦੀ ਨਵੀਂ ਪਾਈ ਗਈ ਕਰੀਬ ਲੱਖਾਂ ਰੁਪਏ ਦੀ ਕੀਮਤ ਦੀ ਤਾਰ ਚੋਰੀ ਕਰ ਲਈ। ਜਦਕਿ ਜਾਂਦੇ ਸਮੇਂ ਚੋਰ ਉਕਤ ਮਕਾਨ ‘ਚ ਮਿਸਤਰੀਆਂ ਦੀਆਂ ਕਰੀਬ 70 ਹਜ਼ਾਰ ਰੁਪਏ ਦੀ ਕੀਮਤ ਦੀਆਂ ਕਈ ਪ੍ਰਕਾਰ ਦੀਆਂ ਮਸ਼ੀਨਾਂ ‘ਤੇ ਵੀ ਹੱਥ ਸਾਫ਼ ਕਰ ਗਏ। ਇਸ ਸਬੰਧੀ ਕੁਵੈਤ ਵਿਖੇ ਕੰਮ ਕਰਦੇ ਤੇ ਛੁੱਟੀ ਆਏ ਪਿੰਡ ਝਿੰਜੜੀ ਦੇ ਨਿਵਾਸੀ ਸੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੁੱਝ ਦੂਰੀ ‘ਤੇ ਸਥਿਤ ਪਿੰਡ ਲਖਣੋਂ ਵਿਖੇ ਨਵੇਂ ਮਕਾਨ ਦੀ ਉਸਾਰੀ ਕਰਵਾ ਰਹੇ ਹਨ। ਮਗਰ ਬੀਤੇ ਦਿਨ ਚੋਰ ਉਸਦੇ ਨਿਰਮਾਣ ਅਧੀਨ 2 ਮੰਜ਼ਿਲਾਂ ਮਕਾਨ ‘ਚ ਪਾਈ ਗਈ ਬਿਜਲੀ ਦੀ ਸਮੁੱਚੀ ਤਾਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਈ ਤਾਰ ਦੀ ਕੀਮਤ ਕਰੀਬ 3.5 ਲੱਖ ਰੁਪਏ ਹੈ। ਇਸ ਤੋਂ ਇਲਾਵਾ ਚੋਰ ਮਕਾਨ ‘ਚ ਮਿਸਤਰੀਆਂ ਦੀਆਂ ਪਈਆਂ ਕਈ ਮਸ਼ੀਨਾਂ ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 70 ਹਜ਼ਾਰ ਰੁਪਏ ਹੈ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰ ਡਾਊਨ ਸੀਲਿੰਗ ਜਿਸਦਾ ਕਰੀਬ 4 ਲੱਖ ਰੁਪਏ ਦਾ ਠੇਕਾ ਦਿੱਤਾ ਹੋਇਆ ਸੀ ਦੀ ਵੀ ਤਾਰ ਚੋਰੀ ਕਰਕੇ ਲੈ ਗਏ। ਜਿਸ ਕਰਕੇ ਉਸਨੂੰ ਮੁੜ ਡਾਊਨ ਸੀਲਿੰਗ ਤਿਆਰ ਕਰਨ ਲਈ ਕਰੀਬ 4 ਲੱਖ ਰੁਪਏ ਵਾਧੂ ਖ਼ਰਚਣੇ ਪੈਣਗੇ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੌਰਾਨ ਕਰੀਬ 8 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨੂਰਪੁਰ ਬੇਦੀ ਸ਼ਹਿਰ ਦੀ ਚੌਧਰੀ ਕਲੋਨੀ ‘ਚ ਸਥਿਤ ਪੰਕਜ ਕੁਮਾਰ ਦੇ ਮਕਾਨ ‘ਚੋਂ ਵੀ ਚੋਰ ਲੱਖਾਂ ਦੀ ਕੀਮਤ ਦੀ ਤਾਰ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ ਸਨ। ਜਿਸ ਸਬੰਧੀ ਪੁਲਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।