24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ’ਤੇ ਬੂਟੇ ਲਗਾਉਣ ਦੀ ਸੇਵਾ ਆਰੰਭ

ਅਜੀਤ ਡੈਸਕ 09-07-2026
ਕਾਹਨਪੁਰ ਖੂਹੀ, 8 ਜੁਲਾਈ (ਗੁਰਬੀਰ ਸਿੰਘ ਵਾਲੀਆ)-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਵਧੀਆ ਦਿੱਖ ਪ੍ਰਦਾਨ ਕਰਨ ਅਤੇ ਬਰਸਾਤੀ ਮੌਸਮ ਦੀ ਆਮਦ ਦੇ ਮੱਦੇਨਜ਼ਰ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਸੇਵਾ ਦਾ ਸ਼ੁੱਭ ਆਰੰਭ ਅਰਦਾਸ ਉਪਰੰਤ ਕੀਤਾ ਗਿਆ। ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਇਸ ਸੜਕ ਦੇ ਨਿਰਮਾਣ ਦੀ ਕਾਰ ਸੇਵਾ ਨਿਰੰਤਰ ਚੱਲ ਰਹੀ ਹੈ ਅਤੇ ਹੁਣ ਤੱਕ ਸੜਕ ਦਾ ਲਗਭਗ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਉਚਿੱਤ ਸਮਾਂ ਹੁੰਦਾ ਹੈ। ਜਿਸ ਨੂੰ ਧਿਆਨ ‘ਚ ਰੱਖਦਿਆਂ ਵੱਡੇ ਪੱਧਰ ‘ਤੇ ਛਾਂਦਾਰ ਅਤੇ ਪੁਰਾਤਨ ਕਿਸਮਾਂ ਦੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੇਵਾਦਾਰਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਨਿੰਮ, ਜੰਡ, ਪਿੱਪਲ, ਟਾਹਲੀ, ਜਾਮਣ, ਬੋਹੜ, ਬੇਰੀ, ਅੰਬ, ਸ਼ਹਿਤੂਤ ਤੇ ਆਂਵਲਾ ਸਮੇਤ ਕਈ ਪ੍ਰਕਾਰ ਦੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਨ ਪੱਖੀ ਮੁਹਿੰਮ ਦਾ ਹਿੱਸਾ ਬਣਿਆ ਜਾਵੇ। ਜੋ ਵੀ ਵਿਅਕਤੀ ਇਸ ਸੇਵਾ ਨਾਲ ਜੁੜਨਾ ਚਾਹੁੰਦਾ ਹੈ, ਉਹ ਕਾਰ ਸੇਵਾ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਬਾਬਾ ਸਾਹਿਬ ਸਿੰਘ ਸਾਬਾ, ਦਲਜੀਤ ਬੈਂਸ, ਠੇਕੇਦਾਰ ਮਨਜਿੰਦਰ ਅਟਵਾਲ, ਗੁਰਿੰਦਰਪਾਲ ਕਾਹਲੋਂ, ਮਲਕੀਤ ਸਿੰਘ ਰਿਟਾਇਰ ਰੇਂਜ ਅਫ਼ਸਰ, ਕਸ਼ਮੀਰ ਸਾਧੜਾ, ਅਲੋਕ ਰਾਣਾ, ਬਿੱਲਾ ਕੁੰਬਲਾ, ਮਨਪ੍ਰੀਤ ਜੱਗਾ, ਜੋਬਨ ਸਿੰਘ, ਜੁਗਰਾਜ ਸਿੰਘ, ਗੁਰਮੇਲ ਕੜਿਆਲ ਤੇ ਹਰਦੀਪ ਬੈਂਸ ਸਮੇਤ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਨਿਜ਼ਾਤਮ ਨਗਰ ਦੀ ਕੈਰਮ ਬੋਰਡ ਬਣਾਉਣ ਵਾਲੀ ਫੈਕਟਰੀ ’ਚ ਤੜਕੇ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ ਅਗਲੀ ਖ਼ਬਰ ਏ. ਐੱਸ. ਆਈ. ਬੂਟਾ ਸਿੰਘ ‘ਡੀ.ਜੀ.ਪੀ. ਕਮਾਂਡੇਸ਼ਨ ਡਿਸਕ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।