07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੱਪ ਦੇ ਡੰਗ ਦਾ ਇਲਾਜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਉਪਲੱਬਧ-ਸਿਵਲ ਸਰਜਨ

ਅਜੀਤ ਡੈਸਕ 14-07-2026
ਐੱਸ. ਏ. ਐੱਸ. ਨਗਰ, 13 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੱਪ ਦੇ ਡੰਗ ਦੇ ਇਲਾਜ ਦੀ ਸੁਵਿਧਾ ਉਪਲੱਬਧ ਹੈ, ਇਸ ਲਈ ਸੱਪ ਦੇ ਕੱਟੇ ਮਰੀਜ਼ਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਾਵੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਸੱਪ ਦੇ ਡੰਗੇ ਜਾਣ ਤੋਂ ਬਾਅਦ ਅਖੌਤੀ ਤਾਂਤਰਿਕਾਂ/ਬਾਬਿਆਂ ਜਾਂ ਝੋਲਾ ਛਾਪ ਡਾਕਟਰਾਂ ਕੋਲ ਨਹੀਂ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਕੋਲ ਕੋਈ ਡਾਕਟਰੀ ਇਲਾਜ ਨਹੀਂ ਹੁੰਦਾ, ਸਗੋਂ ਉਹ ਕਈ ਵਾਰ ਮਰੀਜ਼ ਦੀ ਹਾਲਤ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ ਅਤੇ ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੱਪ ਦੁਆਰਾ ਡੰਗ ਮਾਰੇ ਜਾਣ ਉਪਰੰਤ ਘਬਰਾਉਣਾ ਨਹੀਂ ਚਾਹੀਦਾ, ਸਗੋਂ ਮਰੀਜ਼ ਨੂੰ ਤੁਰੰਤ ਮੁਹਾਲੀ, ਖਰੜ, ਡੇਰਾਬੱਸੀ, ਕੁਰਾਲੀ, ਬੂਥਗੜ੍ਹ, ਘੜੂੰਆਂ, ਜ਼ੀਰਕਪੁਰ, ਬਨੂੰੜ, ਲਾਲੜੂ ਆਦਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਖੇ ਲਿਆਂਦਾ ਜਾਵੇ, ਜਿਥੇ ਕਿ ਸੱਪ ਦੇ ਡੰਗ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸੇ ਦੌਰਾਨ ਨੋਡਲ ਅਧਿਕਾਰੀ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਬਰਸਾਤ ਦੇ ਮੌਸਮ ‘ਚ ਸੱਪਾਂ ਦੁਆਰਾ ਇਨਸਾਨਾਂ ਨੂੰ ਡੰਗੇ ਜਾਣ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਾਮਨ ਕਰੇਟ, ਰਸਲ ਵਾਇਪਰ ਅਤੇ ਕੋਬਰਾ ਜਿਹੇ ਜ਼ਹਿਰੀਲੇ ਸੱਪ ਦੁਆਰਾ ਡੰਗੇ ਜਾਣ ਤੋਂ ਬਾਅਦ ਬਿਨਾਂ ਦੇਰ ਕੀਤਿਆਂ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸੱਪ ਡੰਗ ਜਾਵੇ ਤਾਂ ਮਰੀਜ਼ ਨੂੰ ਹੌਸਲਾ ਦਿਓ ਅਤੇ ਡੰਗ ਵਾਲੀ ਥਾਂ ਨੂੰ ਉਵੇਂ ਹੀ ਸਪੋਰਟ ਦਿਓਂ ਜਿਵੇਂ ਕਿ ਸਰੀਰ ਦਾ ਕੋਈ ਅੰਗ ਫਰੈਕਚਰ ਹੋਣ ‘ਤੇ ਦਿੱਤੀ ਜਾਂਦੀ ਹੈ ਤਾਂ ਕਿ ਉਸ ਤੋਂ ਕੰਮ ਨਾ ਲਿਆ ਜਾ ਸਕੇ ਜਾਂ ਹਿਲਜੁਲ ਨਾ ਹੋਵੇ, ਪਰ ਇਹ ਸਪੋਰਟ ਇੰਨੀ ਜ਼ੋਰ ਨਾਲ ਨਾ ਬੰਨ੍ਹੀ ਜਾਵੇ ਕਿ ਖ਼ੂਨ ਦੀ ਸਪਲਾਈ ਹੀ ਬੰਦ ਹੋ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 108 ਨੰ. ‘ਤੇ ਫ਼ੋਨ ਕਰਕੇ ਐਂਬੂਲੈਂਸ ਮੰਗਵਾਈ ਜਾ ਸਕਦੀ ਹੈ।
ਪਿਛਲੀ ਖ਼ਬਰ ਪਾਣੀ ਦੀ ਸਪਲਾਈ ਠੀਕ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, ਹਰ ਵਰ੍ਹੇ ਫੈਲਦਾ ਹੈ ਪੀਲੀਆ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।