ਰੂਪਨਗਰ, 29 ਜੁਲਾਈ (ਸਤਨਾਮ ਸਿੰਘ ਸੱਤੀ)-ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈਸ ਦੇ ਨਿਯਮਿਤ ਠਹਿਰਾਓ ਦੀ ਸ਼ੁਰੂਆਤ ਨਾਲ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਸ ਦਾ ਸਿਹਰਾ ਲੈਣ ਵਿਚ ਰੁੱਝੇ ਹੋਏ ਹਨ, ਉੱਥੇ ਹੀ ਜ਼ਿਲ੍ਹਾ ਸਦਰ ਮੁਕਾਮ ਦੇ ਰੂਪਨਗਰ ਰੇਲਵੇ ਸਟੇਸ਼ਨ ’ਤੇ ਅਜੇ ਵੀ ਵੰਦੇ ਭਾਰਤ ਦਾ ਠਹਿਰਾਓ ਨਾ ਹੋਣ ਕਾਰਨ ਲੋਕਾਂ ਵਿਚ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਰੂਪਨਗਰ ਜ਼ਿਲ੍ਹੇ ਦੇ ਲੋਕਾਂ ਦੀ ਇਹ ਮੰਗ ਲੰਬੇ ਸਮੇਂ ਤੋਂ ਰਹੀ ਹੈ ਕਿ ਜ਼ਿਲ੍ਹਾ ਸਦਰ ਮੁਕਾਮ ਹੋਣ ਦੇ ਨਾਤੇ ਵੰਦੇ ਭਾਰਤ ਐਕਸਪ੍ਰੈਸ ਦਾ ਘੱਟੋ-ਘੱਟ ਇੱਕ ਜਾਂ ਦੋ ਮਿੰਟ ਦਾ ਠਹਿਰਾਓ ਰੂਪਨਗਰ ਵਿਖੇ ਵੀ ਹੋਣਾ ਚਾਹੀਦਾ ਹੈ। ਮੌਜੂਦਾ ਸਮੇਂ ਰੇਲ ਗੱਡੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧੀ ਚੰਡੀਗੜ੍ਹ ਜਾਂਦੀ ਹੈ। ਹੁਣ ਨੰਗਲ ਡੈਮ ਵਿਖੇ ਵੀ ਠਹਿਰਾਓ ਸ਼ੁਰੂ ਹੋ ਗਿਆ ਹੈ, ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਹੈ, ਪਰ ਦੋਵਾਂ ਤੋਂ ਦੂਰੀ ਤੇ ਸਥਿਤ ਜ਼ਿਲ੍ਹਾ ਹੈੱਡਕੁਆਰਟਰ ਰੂਪਨਗਰ ਨੂੰ ਅਜੇ ਵੀ ਇਹ ਸਹੂਲਤ ਨਹੀਂ ਮਿਲੀ। ਇਸ ਕਾਰਨ ਰੂਪਨਗਰ, ਨਾਲਾਗੜ੍ਹ, ਬਲਾਚੌਰ, ਕਾਠਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਯਾਤਰੀਆਂ ਨੂੰ ਵੰਦੇ ਭਾਰਤ ਵਿੱਚ ਸਫ਼ਰ ਕਰਨ ਲਈ ਜਾਂ ਤਾਂ ਸ੍ਰੀ ਆਨੰਦਪੁਰ ਸਾਹਿਬ ਜਾਂ ਚੰਡੀਗੜ੍ਹ ਜਾਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੰਗਲ ਦੇ ਠਹਿਰਾਓ ਨਾਲ ਕੋਈ ਇਤਰਾਜ਼ ਨਹੀਂ, ਸਗੋਂ ਉਹ ਵੀ ਇਸ ਦਾ ਸਵਾਗਤ ਕਰਦੇ ਹਨ, ਪਰ ਰੂਪਨਗਰ ਵਰਗੇ ਜ਼ਿਲ੍ਹਾ ਮੁੱਖ ਦਫ਼ਤਰ ਨੂੰ ਨਜ਼ਰਅੰਦਾਜ਼ ਕਰਨਾ ਸਮਝ ਤੋਂ ਬਾਹਰ ਹੈ। ਨੰਗਲ ਡੈਮ ਵਿਖੇ ਠਹਿਰਾਓ ਸ਼ੁਰੂ ਹੋਣ ਤੋਂ ਬਾਅਦ ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇਸ ਦਾ ਸਿਹਰਾ ਆਪਣੇ ਯਤਨਾਂ ਨੂੰ ਦਿੱਤਾ, ਜਦਕਿ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀ ਇਸ ਨੂੰ ਆਪਣੀ ਲਗਾਤਾਰ ਪੈਰਵੀ ਦਾ ਨਤੀਜਾ ਦੱਸਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਦੋਵੇਂ ਧਿਰਾਂ ਇਸ ਉਪਲਬਧੀ ਨੂੰ ਆਪਣੀ ਸਫ਼ਲਤਾ ਵਜੋਂ ਪੇਸ਼ ਕਰ ਰਹੀਆਂ ਹਨ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਸਿਹਰਾ ਲੈਣ ਦੀ ਬਜਾਏ ਸਾਰੇ ਸਿਆਸੀ ਆਗੂਆਂ ਨੂੰ ਹੁਣ ਮਿਲ ਕੇ ਰੂਪਨਗਰ ਰੇਲਵੇ ਸਟੇਸ਼ਨ ’ਤੇ ਵੀ ਵੰਦੇ ਭਾਰਤ ਐਕਸਪ੍ਰੈਸ ਦਾ ਠਹਿਰਾਓ ਯਕੀਨੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਜ਼ਿਲ੍ਹਾ ਮੁੱਖ ਦਫ਼ਤਰ ਹੋਣ ਦੇ ਨਾਲ-ਨਾਲ ਰੂਪਨਗਰ ਉਦਯੋਗਿਕ, ਵਿੱਦਿਅਕ ਅਤੇ ਪ੍ਰਸ਼ਾਸਨਿਕ ਪੱਖੋਂ ਵੀ ਮਹੱਤਵਪੂਰਨ ਸ਼ਹਿਰ ਹੈ। ਇਸ ਲਈ ਇੱਥੇ ਇੱਕ ਜਾਂ ਦੋ ਮਿੰਟ ਦਾ ਠਹਿਰਾਓ ਵੀ ਹਜ਼ਾਰਾਂ ਯਾਤਰੀਆਂ ਲਈ ਵੱਡੀ ਸਹੂਲਤ ਸਾਬਤ ਹੋ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ, ਰੇਲਵੇ ਮੰਤਰਾਲਾ ਅਤੇ ਇਲਾਕੇ ਦੇ ਸਮੂਹ ਜਨ ਪ੍ਰਤੀਨਿਧ ਇਸ ਮੰਗ ਨੂੰ ਗੰਭੀਰਤਾ ਨਾਲ ਲੈਣ ਤਾਂ ਜੋ ਰੂਪਨਗਰ ਨੂੰ ਵੀ ਵੰਦੇ ਭਾਰਤ ਦੇ ਨਕਸ਼ੇ ’ਤੇ ਯੋਗ ਸਥਾਨ ਮਿਲ ਸਕੇ।