ਰੂਪਨਗਰ, 29 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਨੇ ਬੀ. ਬੀ. ਐਮ. ਬੀ. ਦੇ ਕਰਮਚਾਰੀਆਂ ਲਈ ਕੈਸ਼ਲੈੱਸ ਮੈਡੀਕਲ ਸਹੂਲਤ ਸਬੰਧੀ ਪੱਤਰ ਜਾਰੀ ਕਰਨ ਦਾ ਸਵਾਗਤ ਕਰਦਿਆਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਅਤੇ ਬੀ. ਬੀ. ਐਮ. ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਸਤਨਾਮ ਸਿੰਘ ਲਾਦੀ ਅਤੇ ਜਨਰਲ ਸਕੱਤਰ ਨਵੀਨ ਚੰਦਰ ਸ਼ਰਮਾ ਨੇ ਕਿਹਾ ਕਿ ਬੀ. ਬੀ. ਐਮ. ਬੀ. ਵਲੋਂ ਬਣਾਈ ਗਈ ਪੰਜ ਮੈਂਬਰੀ ਸਥਾਈ ਕਮੇਟੀ ਜਲਦੀ ਤੋਂ ਜਲਦੀ ਦੇਸ਼ ਦੇ ਵਧੀਆ ਤੋਂ ਵਧੀਆ ਹਸਪਤਾਲਾਂ ਨੂੰ ਆਪਣੇ ਪੈਨਲ ਵਿਚ ਸ਼ਾਮਲ ਕਰੇ ਅਤੇ ਬਾਕੀ ਰਹਿੰਦੀਆਂ ਰੁਕਾਵਟਾਂ ਦੂਰ ਕਰਕੇ ਇਸ ਸਹੂਲਤ ਨੂੰ ਅਮਲੀ ਰੂਪ ਵਿਚ ਲਾਗੂ ਕਰੇ। ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਸਹੂਲਤ ਸਿਰਫ਼ ਬੀ.ਬੀ.ਐਮ.ਬੀ. ਦੇ ਨਿਯਮਿਤ ਕਰਮਚਾਰੀਆਂ ਅਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਲਈ ਹੈ। ਇਸ ਸਹੂਲਤ ਤੋਂ ਬੀ.ਬੀ.ਐਮ.ਬੀ. ਦੇ ਪੈਨਸ਼ਨਰਾਂ, ਫੈਮਲੀ ਪੈਨਸ਼ਨਰਾਂ, ਠੇਕਾ ਕਰਮਚਾਰੀਆਂ, ਪੈਸਕੋ ਕਰਮਚਾਰੀਆਂ, ਦਿਹਾੜੀਦਾਰਾਂ, ਸੀਜ਼ਨਲ ਸਟਾਫ਼, ਪਾਰਟ-ਟਾਈਮ ਕਰਮਚਾਰੀਆਂ ਅਤੇ ਮੁੜ ਨਿਯੁਕਤ (ਰੀ-ਇੰਪਲਾਇਡ) ਕਰਮਚਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਮੌਕੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਸਤਨਾਮ ਸਿੰਘ ਲਾਦੀ, ਨਵੀਨ ਚੰਦਰ ਸ਼ਰਮਾ, ਸੰਜੀਵ ਸ਼ਰਮਾ, ਹਰਪਾਲ ਰਾਣਾ, ਵਿਨੋਦ ਰਾਣਾ, ਤਿਲਕ ਰਾਜ ਬਾਲੀ, ਪਰਮਜੀਤ ਸਿੰਘ, ਰਣਬੀਰ ਪਟਿਆਲ, ਮਨੋਜ ਵਰਮਾ, ਗੋਪਾਲ ਕ੍ਰਿਸ਼ਨ, ਸ਼ਿਵ ਅਗਨੀਹੋਤਰੀ, ਵਿਨੈ ਕੁਮਾਰ, ਯਸ਼ਪਾਲ, ਸੰਜੇ ਬੋਹਤ, ਪ੍ਰਦੀਪ ਬੋਹਤ, ਗੌਰਵ ਸ਼ਰਮਾ ਆਦਿ ਨੇ ਬੀ.ਬੀ.ਐਮ.ਬੀ. ਬੋਰਡ ਨੂੰ ਅਪੀਲ ਕੀਤੀ ਕਿ ਪੱਤਰ ਅਨੁਸਾਰ ਸਾਰੇ ਯੋਗ ਲਾਭਪਾਤਰੀਆਂ ਨੂੰ ਤੁਰੰਤ ਪਹਿਚਾਣ ਪੱਤਰ ਜਾਰੀ ਕੀਤੇ ਜਾਣ, ਤਾਂ ਜੋ ਐਮਰਜੈਂਸੀ ਸਮੇਂ ਉਹ ਸੂਚੀਬੱਧ ਹਸਪਤਾਲਾਂ ਵਿਚ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਇਲਾਜ ਕਰਵਾ ਸਕਣ।