ਐੱਸ. ਏ. ਐੱਸ. ਨਗਰ, 2 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਬਾਜ਼ੀਗਰ ਸਮਾਜ ਭਵਨ ਟਰੱਸਟ ਦੇ ਵਫ਼ਦ ਵਲੋਂ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਬਾਜ਼ੀਗਰ ਸਮਾਜ ਭਵਨ ਦੇ ਨਿਰਮਾਣ ਲਈ ਟਰੱਸਟ ਦੇ ਨਾਂਅ ‘ਤੇ ਮੁਹਾਲੀ ਜਾਂ ਚੰਡੀਗੜ੍ਹ ਵਿਖੇ ਜ਼ਮੀਨ ਅਲਾਟ ਕਰਨ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਸੁੱਚਾ ਸਿੰਘ ਧਰਮਸੋਤ ਨੇ ਦੱਸਿਆ ਕਿ ਵਫ਼ਦ ਨੇ ਵਿਧਾਇਕ ਨੂੰ ਜਾਣੂ ਕਰਵਾਇਆ ਕਿ ਪੰਜਾਬ ਬਾਜ਼ੀਗਰ ਸਮਾਜ ਲਈ ਇਕ ਕੇਂਦਰੀ ਸਮਾਜ ਭਵਨ ਦੀ ਬਹੁਤ ਲੋੜ ਹੈ, ਜਿਥੇ ਕਿ ਭਾਈਚਾਰੇ ਦੇ ਸਮਾਜਿਕ, ਵਿੱਦਿਅਕ, ਸੱਭਿਆਚਾਰਕ ਅਤੇ ਭਲਾਈ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਇਸ ਮੰਗ ਨੂੰ ਤਰਜ਼ੀਹੀ ਆਧਾਰ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਰੱਖਣਗੇ। ਇਸ ਮੌਕੇ ਬਲਜੀਤ ਸਿੰਘ, ਬਲਵੰਤ ਸਿੰਘ ਅਤੇ ਬਲਕਾਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।