ਗੱਗੋਮਾਹਲ, 12 ਫਰਵਰੀ (ਬਲਵਿੰਦਰ ਸਿੰਘ ਸੰਧੂ)-ਪਾਵਰਕਾਮ ਤੇ ਟ੍ਰਾਂਸਕੋ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਸਬ ਡਵੀਜਨ ਰਮਦਾਸ ਵਿਖੇ ਦੇਸ਼ ਵਿਆਪੀ ਮੁਕੰਮਲ ਹੜਤਾਲ ਕੀਤੀ ਗਈ, ਜਿਸ ਵਿਚ ਪੈਨਸ਼ਰਜ ਐਸੋਸੀਏਸ਼ਨ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਆਗੂਆਂ ਨੇ ਕਿਹਾ ਬਿਜਲੀ ਸੋਧ ਬਿੱਲ 2025, ਬਿਜਲੀ ਐਕਟ 2023 ਨੂੰ ਵਾਪਸ ਕਰਵਾਉਣ ਲਈ 4 ਲੇਬਰ ਕੋਡ ਰੱਦ ਕਰਵਾਉਣ ਲਈ ਤੇ ਮਨਰੇਗਾ ਨੂੰ ਬਹਾਲ ਕਰਵਾਉਣ ਸਮੇਤ ਬੀਜ ਬਿੱਲ 2025 ਨੂੰ ਵਾਪਸ ਕਰਵਾਉਣ ਲਈ ਦੇਸ਼ ਵਿਆਪੀ ਹੜਤਾਲ ਕੀਤੀ ਗਈ ਹੈ | ਗੇਟ ਰੇਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਤੋਂ ਬਣੇ ਲੋਕ ਪੱਖੀ ਕਾਨੂੰਨਾਂ ਨੂੰ ਵੱਡੀ ਪੱਧਰ 'ਤੇ ਤਬਦੀਲ ਕੀਤਾ ਜਾ ਰਿਹਾ ਹੈ | ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖਤਮ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਵਲੋਂ ਨਵੇਂ ਬਣੇ ਕਿਰਤੀ ਕਾਨੂੰਨ ਲਿਆ ਕੇ ਲੋਕਾਂ ਦੀ ਰੱਤ ਨਿਚੋੜ ਲੁੱਟ ਕਰਨ ਦਾ ਹੱਲਾ ਵਿਢਿਆ ਹੋਇਆ ਹੈ | ਇਸ ਹੱਲੇ ਤਹਿਤ ਹਜਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜਗਾਰਾਂ ਨੂੰ ਰੁਜਗਾਰ ਨਹੀਂ ਦਿੱਤਾ ਜਾ ਰਿਹਾ, ਰੁਜਗਾਰ 'ਤੇ ਲੱਗੇ ਕਾਮਿਆਂ ਨੂੰ ਛਾਂਟਿਆ ਜਾ ਰਿਹਾ ਹੈ ਤੇ ਆਊਟਸੋਰਸ਼ ਪ੍ਰਣਾਲੀ ਧੜੱਲੇ ਨਾਲ ਲਾਗੂ ਕੀਤੀ ਜਾ ਰਹੀ ਹੈ, 4 ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ | ਗੇਟ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ 'ਚ ਬਾਰਡਰ ਜ਼ੋਨ ਮੀਤ ਪ੍ਰਧਾਨ ਸੁਦੇਸ਼ ਕੁਮਾਰ, ਸਬ ਡਵੀਜਨ ਪ੍ਰਧਾਨ ਗੁਰਵਿੰਦਰ ਸਿੰਘ, ਕੈਸ਼ੀਅਰ ਦੀਪਕ ਸ਼ਰਮਾ, ਪਿ੍ਥੀਪਾਲ ਸਿੰਘ, ਲਾਟੀ, ਦਵਿੰਦਰ ਪਾਲ ਸਿੰਘ, ਪ੍ਰਗਟ ਸਿੰਘ, ਡਵੀਜਨ ਸਕੱਤਰ ਬਲਜਿੰਦਰ ਸਿੰਘ ਥੋਬਾ, ਲਖਵਿੰਦਰ ਸਿੰਘ, ਜੇ. ਈ. ਅਨਿਲ ਕੁਮਾਰ, ਨਵਦੀਪ ਸਿੰਘ ਆਦਿ ਸ਼ਾਮਿਲ ਸਨ |