ਨਵਾਂ ਪਿੰਡ, 14 ਫਰਵਰੀ (ਜਸਪਾਲ ਸਿੰਘ )-'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਵਿਸਥਾਰ ਕਰਦਿਆਂ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਪਿਤਾ ਸੰਸਦ ਭਾਈ ਅੰਮਿ੍ਤਪਾਲ ਸਿੰਘ ਵਲੋਂ ਲਾਏ ਗਏ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਨਾਲ ਸੰਬੰਧਿਤ ਭਾਈ ਅਮਨਦੀਪ ਸਿੰਘ ਡੱਡੂਆਣਾ ਨੂੰ ਜ਼ਿਲ੍ਹਾ ਅੰਮਿ੍ਤਸਰ ਦਾ ਪ੍ਰਧਾਨ ਲਗਾਇਆ ਗਿਆ | ਜ਼ਿਕਰਯੋਗ ਹੈ ਕਿ ਸੰਸਦ ਭਾਈ ਅੰਮਿ੍ਤਪਾਲ ਸਿੰਘ ਵਲੋਂ ਕੱਢੀ ਗਈ ਰਵਾਇਤੀ ਖ਼ਾਲਸਈ 'ਖ਼ਾਲਸਾ ਵਹੀਰ' ਤੋਂ ਲੈ ਕੇ ਹੁਣ ਤੱਕ ਭਾਈ ਅਮਨਦੀਪ ਸਿੰਘ ਵਲੋਂ ਪਾਰਟੀ ਦੇ ਪ੍ਰਚਾਰ ਤੇ ਇਸਦੇ ਵਿਸਥਾਰ 'ਚ ਰਾਤ -ਦਿਨ ਇੱਕ ਕੀਤਾ ਹੋਇਆ ਹੈ | ਇਸ ਮੌਕੇ ਭਾਈ ਅਮਨਦੀਪ ਸਿੰਘ ਨੇ 'ਅਜੀਤ' ਵਿਸ਼ੇਸ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਬਾਪੂ ਤਰਸੇਮ ਸਿੰਘ ਤੇ ਸਮੁੱਚੀ ਉੱਚ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਹੁਦੇ ਨਾਲ ਉਨ੍ਹਾਂ ਦੀਆਂ ਕੌਮ ਤੇ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ | ਇਸ ਮੌਕੇ ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਤੇ ਸੂਬਾ ਤੋਂ ਕੇਂਦਰ ਸਰਕਰਾਂ 'ਤੇ ਪੰਜਾਬ ਤੇ ਪੰਥ ਵਿਰੋਧੀ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪੂਰਨ ਬਹੁਮਤ ਨਾਲ ਸਮੁੱਚੇ ਪੰਜਾਬੀਆਂ ਦੀ ਖ਼ਾਲਸਾ ਸਰਕਾਰ ਬਣੇਗੀ, ਜਿਸ ਦੇ ਮੁੱਖ ਮੰਤਰੀ ਭਾਈ ਅੰਮਿ੍ਤਪਾਲ ਸਿੰਘ ਹੋਣਗੇ | ਸਰਕਾਰ 'ਚ ਹਰੇਕ ਵਰਗ ਦਾ ਮਾਨ-ਸਨਮਾਨ ਹੋਵੇਗਾ ਤੇ ਪੰਜਾਬ ਦੀ ਜਨਤਾ ਨੂੰ ਨਸ਼ਾ ਤੇ ਭੈਅ ਤੋਂ ਰਹਿਤ ਪ੍ਰਸ਼ਾਸਨ ਦਿੱਤਾ ਜਾਵੇਗਾ |