ਬਾਬਾ ਬਕਾਲਾ ਸਾਹਿਬ, 14 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਸਥਿਤ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਅਤੇ ਰਹਿਤ ਮਰਯਾਦਾ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ | ਕਿਉਂਕਿ ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿਚ ਚਾਰ ਦੀਵਾਰੀ ਨਹੀਂ, ਕਈ ਗੁਰਦੁਆਰਿਆਂ ਵਿਚ ਉੱਚਿੱਤ ਪਾਠੀ ਸਿੰਘਾਂ ਦੀ ਘਾਟ ਹੈ, ਕਈ ਗ੍ਰੰਥੀ ਸਿੰਘ ਵੀ ਅੰਮਿ੍ਤਧਾਰੀ ਨਹੀਂ ਹਨ ਅਤੇ ਕਈ ਥਾਵਾਂ 'ਤੇ ਸੇਵਾ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆਏ ਦਿਨ ਗੁਰਧਾਮਾਂ ਵਿਚ ਗੁਰੂ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ | ਇਸ ਤੋਂ ਇਲਾਵਾ ਕਈ ਅਸਥਾਨਾਂ ਤੇ ਲਗਾਤਾਰ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦਾੇ ਹਨ, ਜਿਸ ਲਈ ਗ੍ਰੰਥੀ ਸਿੰਘਾਂ ਦੀ ਘਾਟ ਹੁੰਦੀ ਹੈ | ਉਨ੍ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੁਕਮਾਨਾਮਾ ਜਾਰੀ ਕਰਦਿਆਂ ਜਿੱਥੇ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਦੀ ਪੂਰਨ ਸੇਵਾ ਸੰਭਾਲ ਲਈ ਯਤਨ ਕੀਤੇ ਜਾਣ, ਉਥੇ ਸ਼੍ਰੋਮਣੀ ਕਮੇਟੀ ਨੂੰ ਵੀ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਰਹਿਤ ਮਰਯਾਦਾ ਬਹਾਲ ਰੱਖਣ ਲਈ ਹਿਦਾਇਤਾਂ ਕੀਤੀਆਂ ਜਾਣ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਸਤਿਕਾਰ ਬਹਾਲ ਰਹਿ ਸਕੇ | ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਸੁਖਦੇਵ ਸਿੰਘ ਗੱਗੜਭਾਣਾ, ਭਾਈ ਕੇਹਰ ਸਿੰਘ, ਭਾਈ ਦਲਾਵਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਨਿਰਮਲ ਸਿੰਘ, ਭਾਈ ਭਗਵਾਨ ਸਿੰਘ ਅਤੇ ਹੋਰ ਹਾਜ਼ਰ ਸਨ |