ਰਾਮ ਤੀਰਥ, 14 ਫਰਵਰੀ (ਧਰਵਿੰਦਰ ਸਿੰਘ ਔਲਖ)-ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਬਹੁਤ ਵਡਿਆਇਆ ਹੈ | ਗੁਰੂ ਜੀ ਨੇ ਆਪਣੇ ਹੱਥੀਂ ਹਲ਼ ਵਾਹ ਕੇ ਕਿਰਤ ਕਰਨ ਦਾ ਸਮੂਹ ਲੋਕਾਈ ਨੂੰ ਉਪਦੇਸ਼ ਦਿੱਤਾ | ਸਭ ਕਿਰਤੀ ਲੋਕਾਂ ਨੂੰ ਇਕੱਠੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਜ਼ਾਲਮ ਅਤੇ ਜ਼ੁਲਮ ਦੀ ਜੜ੍ਹ ਪੁੱਟ ਦਿੱਤੀ | ਜਦੋਂ ਕਿ ਪਿਛਲੇ ਦਿਨੀ ਜੰਡਿਆਲਾ ਗੁਰੂ ਹਲਕੇ ਵਿਚ ਹੋਈ ਕਾਂਗਰਸ ਦੀ ਰੈਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਾਸ਼ਣ ਵਿਚ ਜੰਡਿਆਲਾ ਗੁਰੂ ਹਲਕੇ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਜੋ ਕਿ ਇਕ ਅਧਿਆਪਕ ਤੋਂ ਮੰਤਰੀ ਤੱਕ ਪਹੁੰਚੇ ਹਨ, ਉਨ੍ਹਾਂ ਦੇ ਵਿਰੁੱਧ ਬੋਲਦੇ ਹੋਏ ਉਨ੍ਹਾਂ ਦੇ ਪਿਤਾ ਜੀ ਵਲੋਂ ਕੀਤੀ ਜਾਂਦੀ ਕਿਰਤ ਜੋ ਕਿ ਉਹ ਬੈਂਡ ਦਾ ਕੰਮ ਕਰਕੇ ਪਰਿਵਾਰ ਨੂੰ ਪਾਲ ਪੋਸ ਕੇ ਪੈਰਾਂ 'ਤੇ ਕੀਤਾ, ਉਨ੍ਹਾਂ ਦੀ ਕਿਰਤ ਦਾ ਅਪਮਾਨ ਕੀਤਾ ਗਿਆ, ਜੋ ਕਿ ਘਟੀਆ ਜਗੀਰੂ ਸੋਚ ਦਾ ਪ੍ਰਤੀਕ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਅੰਮਿ੍ਤਸਰ ਦਿਹਾਤੀ 1 ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜਹਾਂਗੀਰ ਨੇ ਕਿਹਾ ਕਿ ਰਾਜਨੀਤੀ ਵਿਚ ਆਲੋਚਨਾ ਅਤੇ ਵਿਚਾਰਕ ਮਤਭੇਦ ਹੋਣੇ ਵੱਖਰੀ ਗੱਲ ਹੈ, ਪਰ ਕਿਸੇ ਤੇ ਜਾਤੀ ਤੌਰ 'ਤੇ ਉਸਦੇ ਪੁਰਖਿਆਂ ਵਲੋਂ ਕੀਤੀ ਗਈ ਮਿਹਨਤ ਮਜਦੂਰੀ 'ਤੇ ਤੰਜ ਕਰਨਾ ਬਹੁਤ ਘਟੀਆ ਸੋਚ ਦਾ ਪ੍ਰਤੀਕ ਹੈ | ਇਸ ਤੋਂ ਸਰਮਾਏਦਾਰੀ ਜਮਾਤ ਦੀ ਘਟੀਆ ਸੋਚ ਸਾਹਮਣੇ ਆਉਂਦੀ ਹੈ | ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਵੀ ਦੇਸ਼ ਦੇ ਗ੍ਰਹਿ ਮੰਤਰੀ ਰਹੇ ਸਰਦਾਰ ਬੂਟਾ ਸਿੰਘ 'ਤੇ ਰੰਗ ਅਤੇ ਜਾਤ ਬਾਰੇ ਘਟੀਆ ਟਿੱਪਣੀ ਕੀਤੀ ਸੀ | ਗੱਲ ਇੱਥੇ ਮੁੱਕਦੀ ਹੈ ਕਿ ਮਿਹਨਤਕਸ਼ ਜਮਾਤ ਨੂੰ ਸਤਿਕਾਰ ਦੇਣ ਲਈ ਅਜੇ ਵੀ ਕੁਝ ਜਗੀਰੂ ਬਿਰਤੀ ਦੇ ਲੋਕ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਅ ਕਰਦੇ ਹਨ | ਕਿਸੇ ਦੇ ਪੁਰਖਿਆਂ ਵਲੋਂ ਕੀਤੀ ਗਈ ਮਿਹਨਤ ਤੇ ਵਿਅੰਗ ਕਰਨਾ ਜਾਂ ਮਖੌਲ ਉਡਾਉਣਾ ਸਮੂਹ ਕਿਰਤੀ ਵਰਗ ਦਾ ਅਪਮਾਨ ਹੈ |