ਜੰਡਿਆਲਾ ਗੁਰੂ, 19 ਫਰਵਰੀ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਸਥਿਤ ਆਪਣੇ ਦਫ਼ਤਰ ਵਿਖੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਇਨਾਮੀ ਗ੍ਰਾਂਟ ਦੇ ਚੈੱਕ ਵੰਡੇ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇ ਇੱਕਜੁਟਤਾ ਨੂੰ ਮਜ਼ਬੂਤ ਕਰਨ ਲਈ ਇਹ ਐਲਾਨ ਕੀਤਾ ਸੀ ਕਿ ਜੋ ਪਿੰਡ ਆਪਣੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਨਗੇ ਉਨ੍ਹਾਂ ਪਿੰਡਾਂ ਨੂੰ ਰਾਜ ਸਰਕਾਰ ਵਲੋਂ 5 ਲੱਖ ਰੁਪਏ ਦੀ ਵਿਸ਼ੇਸ਼ ਇਨਾਮੀ ਗ੍ਰਾਂਟ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਨਿਭਾਉਂਦਿਆਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਵਿਸ਼ੇਸ਼ ਤੌਰ 'ਤੇ ਦਿੱਤੇ ਜਾ ਰਹੇ ਹਨ ਜੋ ਕਿ ਇਹ ਗ੍ਰਾਂਟ ਪਿੰਡਾਂ ਵਿਚ ਗਲੀਆਂ-ਨਾਲੀਆਂ, ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਲਈ ਵਰਤੀ ਜਾਵੇਗੀ | ਸ: ਈ. ਟੀ. ਓ. ਨੇ ਪੰਚਾਇਤੀ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਇਸ ਵਿਸ਼ੇਸ਼ ਗ੍ਰਾਂਟ ਨੂੰ ਪੁਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਆਪਣੇ ਪਿੰਡਾਂ ਦੇ ਵਿਕਾਸ ਉੱਪਰ ਖਰਚ ਕਰਨ | ਇਸ ਮੌਕੇ ਜਿਨ੍ਹਾਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੀ ਗ੍ਰਾਂਟ ਦਿੱਤੀ ਗਈ ਉਨ੍ਹਾਂ ਵਿਚ ਮਲਕਪੁਰ, ਭਗਵਾਨ ਸਰ, ਰੱਖ ਮਾਨਾਂਵਾਲਾ, ਵਡਾਲੀ ਡੋਗਰਾਂ, ਚੌਹਾਨ, ਮੱਲੀਆਂ, ਝੰਗੀ ਸਾਹਿਬ, ਕੁਹਾਲਾ, ਮੀਰਾਂ ਚੱਕ, ਕੁਹਾਟਵਿੰਡ ਮੁਸਲਮਾਨਾ, ਕੋਟ ਹਯਾਤ, ਜੀਵਨ ਪੰਧੇਰ, ਸ਼ਾਹਪੁਰ ਖੁਰਦ, ਰਾਏਪੁਰ ਖੁਰਦ, ਨੰਗਲੀ, ਨਵੀਂ ਨੰਗਲੀ, ਨੰਗਲੀ ਖੁਰਦ, ਜਲਾਲ, ਉਸਮਾ, ਦਿਆਲਗੜ, ਪੱਲਾ, ਖੱਬੇ ਰਾਜਪੂਤਾਂ ਦੇ ਨਾ ਸ਼ਾਮਿਲ ਹਨ |