ਬਾਬਾ ਬਕਾਲਾ ਸਾਹਿਬ, 16 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਨੂੰ ਸੁੰਦਰੀਕਰਨ ਦੇ ਨਾਂ ਹੇਠ ਸੜਕ ‘ਤੇ ਮਾੜਾ ਮਟੀਰੀਅਲ ਵਰਤਣ ਨੂੰ ਲੈਕੇ ਜਿੱਥੇ ਦੁਕਾਨਾਦਰਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਅੱਜ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਸਾਥੀਆਂ ਸਮੇਤ ਬਾਜ਼ਾਰ ਵਿਚ ਪੁਜਕੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਸ: ਭਲਾਈਪੁਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਧਰਤੀ ਤੇ ਮੇਨ ਬਾਜ਼ਾਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ, ਪਰ ਅਫ਼ਸੋਸ ਹੈ ਕਿ ਜਿੱਥੇ ਵਿਕਾਸ ਕਾਰਜ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਹਨ, ਉਥੇ ਘਟੀਆ ਤੋਂ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਨਾਲ ਗੁਰੂ ਘਰ ਨੂੰ ਦਰਸ਼ਨ ਕਰਨ ਆਉਣ ਵਾਲੀ ਸੰਗਤਾਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਲਗਭਗ ਦੋ ਮਹੀਨੇ ਤੋਂ ਬਾਜ਼ਾਰ ਵਿਚੋਂ ਇੰਟਰਲਾਕ ਟਾਈਲ ਪੁੱਟ ਦਿੱਤੀਆਂ ਗਈਆਂ, ਹੁਣ ਉਥੇ ਇਸਤੇਮਾਲ ਕੀਤੇ ਜਾ ਰਹੇ ਮਟੀਰੀਅਲ ਦੀ ਮਿਕਦਾਰ ਸਹੀ ਨਾ ਹੋਣ ਕਰਕੇ ਧੂੜ ਮਿੱਟੀ ਉੱਡ ਰਹੀ ਹੈ, ਜੋ ਦੁਕਾਨਦਾਰਾਂ ਤੇ ਗੁਰੂ ਘਰ ਆਉਣ ਵਾਲੇ ਯਾਤਰੂਆਂ ਸਿਰ ਪੈ ਰਹੀ ਹੈ। ਸਰਕਾਰ ਵਲੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰ ਵਲੋਂ ਮੇਨ ਬਾਜ਼ਾਰ ਨੂੰ ਸੁੰਦਰੀਕਰਨ ਲਈ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜੂਰ ਹੋਏ ਹਨ, ਪਰ ਜੋ ਟਾਇਲਾਂ ਬਾਜ਼ਾਰ ਵਿਚ ਲਗਾਉਣ ਲਈ ਲਿਆਂਦੀਆਂ ਗਈਆਂ ਹਨ, ਬਹੁਤ ਹੀ ਘਟੀਆ ਗੁਣਵੱਤਾ ਦੀਆਂ ਹਨ ਅਤੇ ਹੱਥਾਂ ਨਾਲ ਹੀ ਤੋੜੀਆਂ ਜਾ ਰਹੀਆਂ ਹਨ। ਪਹਿਲਾਂ ਲਗਾਈਆਂ ਗਈਆਂ ਟਾਈਲਾਂ ਇਹ ਕਹਿ ਕੇ ਉਖਾੜ ਦਿੱਤੀਆਂ ਗਈਆਂ ਸਨ ਕਿ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਾਂਗ ਇੱਥੇ ਸੰਗਮਰਮਰ ਲਗਾਇਆ ਜਾਵੇਗਾ, ਪਰ ਹੁਣ ਬਾਜ਼ਾਰ ਵਿਚ ਲਿਆਂਦੀਆਂ ਗਈਆਂ ਟਾਈਲਾਂ ਪਹਿਲਾਂ ਨਾਲੋਂ ਵੀ ਮਾੜੀਆਂ ਹਨ। ਉਨ੍ਹਾਂ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸੜਕ ਲਈ ਚੰਗਾ ਮਟੀਰੀਅਲ ਨਾ ਵਰਤਿਆ ਗਿਆ ਤਾਂ ਚੱਕਾ ਜਾਮ ਕੀਤਾ ਜਾਵੇਗਾ।
ਨਗਰ ਪੰਚਾਇਤ ਦਫ਼ਤਰ ਵਿਖੇ ਹੋਇਆ ਮਾਹੌਲ ਗਰਮ- ਇਸ ਉਪਰੰਤ ਸ: ਭਲਾਈਪੁਰ ਦੀ ਅਗਵਾਈ ਹੇਠ ਵਫ਼ਦ ਨਗਰ ਪੰਚਾਇਤ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਤੇ ਸੰਬੰਧਿਤ ਠੇਕੇਦਾਰ ਨੂੰ ਵੀ ਮਿਲਿਆ। ਇਸ ਮੌਕੇ ਦੁਕਾਨਦਾਰਾਂ ਅਤੇ ਠੇਕੇਦਾਰ ਵਿਚ ਕਾਫ਼ੀ ਗਰਮਾ ਗਰਮੀ ਵੀ ਹੋਈ। ਬਾਅਦ ਵਿਚ ਠੇਕੇਦਾਰ ਵਲੋਂ ਚੰਗਾ ਮਟੀਰੀਅਲ ਲਾਉਣ ਲਈ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਰੌਬਿਨ ਮਾਨ ਸਾਬਕਾ ਪ੍ਰਧਾਨ ਰਈਆ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਗੁਰਮੇਜ ਸਿੰਘ ਚੀਮਾ ਵੜੈਚ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ, ਪਵਨਦੀਪ ਸਿੰਘ ਭੁੱਲਰ, ਜਗਦੀਪ ਸਿੰਘ ਮਾਨ, ਮਨਜੀਤ ਸਿੰਘ ਠੁਕਰਾਲ, ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਦੇ ਸੂਬੇਦਾਰ ਹਰਜੀਤ ਸਿੰਘ, ਰਾਜਵਿੰਦਰ ਸਿੰਘ ਗੋਲਡਨ, ਹਰਦੀਪ ਸਿੰਘ ਪ੍ਰਧਾਨ ਬਾਜ਼ਾਰ ਕਮੇਟੀ, ਤੇਜਿੰਦਰ ਸਿੰਘ ਸੰਧੂ, ਸਵਰਨਜੀਤ ਸਿੰਘ ਕੰਬੋ, ਦਲਬੀਰ ਸਿੰਘ ਸਮੇਤ ਵੱਡੀ ਗਿਣਤੀ ‘ਚ ਦੁਕਾਨਦਾਰ ਹਾਜ਼ਰ ਸਨ ।
ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ’ਚ ਮਾੜਾ ਮਟੀਰੀਅਲ ਲਾਉਣ ਦਾ ਮਾਮਲਾ ਗਰਮਾਇਆ
ਅਜੀਤ ਡੈਸਕ
17-06-2026