ਮਜੀਠਾ, 17 ਜੂਨ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਰਾਸ਼ਨ ਵੰਡ ਪ੍ਰਣਾਲੀ ‘ਚ ਕੀਤੇ ਨਵੇਂ ਬਦਲਾਅ ਕਾਰਨ ਜਿਥੇ ਪੰਜਾਬ ਦੇ ਲੋਕਾਂ ਨੂੰ ਕਣਕ ਦੇ ਨਾਲ ਨਾਲ ਮੇਰੀ ਰਸੋਈ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਇਸ ਵਕਤ ਖਪਤਕਾਰ ਅਤੇ ਡੀਪੂ ਹੋਲਡਰ ਦੋਵੇਂ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕੇ ਦੇ ਡੀਪੂ ਹੋਲਡਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਅਪ੍ਰੈਲ 2026 ਤੋਂ ਜੂਨ 2026 ਤੱਕ ਦੀ ਚੱਲ ਰਹੀ ਕਣਕ/ਕਿੱਟ ਵੰਡ ਦੌਰਾਨ ਖਪਤਕਾਰਾਂ ਨੂੰ ਰਾਸ਼ਨ ਲੈਣ ਲਈ ਇਕ ਕਾਰਡ ਹੋਲਡਰ ਨੂੰ ਚਾਰ ਵਾਰ ਬਾਇਉਮੈਟ੍ਰਿਕ ਅੰਗੂਠੇ ਲਗਾਉਣੇ ਲਾਜ਼ਮੀ ਕਰਾਰ ਦਿੱਤੇ ਗਏ ਹਨ ਜਿਸ ਕਾਰਣ ਹਰੇਕ ਰਾਸ਼ਨ ਕਾਰਡ ਹੋਲਡਰ ਨੂੰ ਚਾਰ ਵਾਰ ਬਾਇਉਮੈਟ੍ਰਿਕ ਅੰਗੂਠੇ ਲਗਾਉਣ ਵਾਸਤੇ 15 ਤੋਂ 20 ਮਿੰਟ ਦਾ ਸਮਾਂ ਲੱਗ ਰਿਹਾ ਹੈ। ਦੂਸਰੇ ਪਾਸੇ ਮਹਿਕਮੇ ਦਾ ਸਰਵਰ ਅਕਸਰ ਡਾਊਨ ਚੱਲ ਰਿਹਾ ਹੈ, ਜਿਸ ਕਰਕੇ ਕਈ ਡੀਪੂਆਂ ਤੇ ਡੀਪੂ ਹੋਲਡਰ ਅਤੇ ਖਪਤਕਾਰਾਂ ਵਿਚ ਤਕਰਾਰ ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ। ਡੀਪੂ ਹੋਲਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਆਪਣੇ ਵਿਭਾਗ ਦੇ ਅਫਸਰਾਂ ਨੂੰ ਇਸ ਸਮੱਸਿਆ ਤੋਂ ਜਾਣੂੰ ਕਰਾਇਆ ਹੈ। ਇਸ ਸਬੰਧੀ ਜਦ ਵਿਭਾਗ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਵਿਭਾਗ ਦੇ ਸਰਵਰ ਰੂਮ ਤੋਂ ਹੀ ਚੱਲ ਰਹੀ ਹੈ ਜਿਸ ਵਿਚ ਉਹ ਕੁਝ ਨਹੀਂ ਕਰ ਸਕਦੇ।