13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਵਿਧਾਇਕ ਧਾਲੀਵਾਲ ਵਲੋਂ ਅਜਨਾਲਾ ਵਿਖੇ ਪੈਟਰੋਲ ਪੰਪਾਂ ਦੀ ਅਚਨਚੇਤ ਜਾਂਚ

ਅਜੀਤ ਡੈਸਕ 08-07-2026

ਅਜਨਾਲਾ, 7 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅਜਨਾਲਾ ਖੇਤਰ ਦੇ ਵੱਖ-ਵੱਖ ਪੈਟਰੋਲ ਪੰਪਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਪੈਟਰੋਲ ਵਿਚ ਈਥੋਨੋਲ ਦੀ ਮਾਤਰਾ ਦੀ ਜਾਂਚ ਲਈ ਨਮੂਨੇ ਲੈ ਕੇ ਪ੍ਰਯੋਗਸ਼ਾਲਾ ਭੇਜੇ ਗਏ । ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵਾਹਨ ਚਾਲਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਈਥੋਨੋਲ ਯੁਕਤ ਪੈਟਰੋਲ ਦੀ ਵਰਤੋਂ ਕਾਰਨ ਉਨ੍ਹਾਂ ਦੇ ਵਾਹਨਾਂ ਦੇ ਇੰਜਣਾਂ, ਫਿਊਲ ਸਿਸਟਮ ਅਤੇ ਹੋਰ ਮਹੱਤਵਪੂਰਨ ਪੁਰਜ਼ਿਆਂ ਵਿਚ ਖਰਾਬੀ ਆ ਰਹੀ ਹੈ, ਜਿਸ ਨਾਲ ਵਾਹਨ ਮਾਲਕਾਂ ਨੂੰ ਹਜ਼ਾਰਾਂ ਰੁਪਏ ਦਾ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੀ ਵਿਭਾਗੀ ਅਧਿਕਾਰੀਆਂ ਦੀ ਟੀਮ ਨਾਲ ਪੈਟਰੋਲ ਪੰਪਾਂ ਦੀ ਜਾਂਚ ਕੀਤੀ ਗਈ ਹੈ ਅਤੇ ਪੈਟਰੋਲ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਵਿਧਾਇਕ ਧਾਲੀਵਾਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲ ’ਚ ਈਥੋਨੋਲ ਮਿਲਾਉਣ ਸਬੰਧੀ ਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਬਾਵਜੂਦ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਉਸ ਅਨੁਸਾਰ ਕਮੀ ਨਾ ਕਰਕੇ ਕੰਪਨੀਆਂ ਨੂੰ ਲਾਭ ਪਹੁੰਚਾ ਰਹੀ ਹੈ । ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਤੁਰੰਤ ਕਟੌਤੀ ਕੀਤੀ ਜਾਵੇ। ਜਾਂਚ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ, ਤੋਲ ਤੇ ਮਾਪ ਇੰਸਪੈਕਟਰ ਗਗਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਲੋਕ ਭਲਾਈ ਸਹੂਲਤਾਂ ਦੀ ਬਦੌਲਤ 2027 ’ਚ ਮੁੜ ਬਣੇਗੀ ‘ਆਪ’ ਸਰਕਾਰ-ਲੁੱਧੜ ਅਗਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਵਲੋਂ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।