ਬਾਬਾ ਬਕਾਲਾ ਸਾਹਿਬ, 20 ਜਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਚਾਚਾ ਪ੍ਰਗਟ ਸਿੰਘ ਜੱਲੂਪੁਰ ਖੈੜਾ, ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਕੰਮੋਕੇ ਅਤੇ ਦਫਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ ਸਰਕਾਰ ਵਲੋਂ ਬੈਨ ਕੀਤੀ ਗਈ ਫਿਲਮ ‘ਸਤਲੁਜ’ ਰਾਹੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਵਲੋਂ 1985 ਤੋਂ 1995 ਦੇ ਸਮੇਂ ਦੌਰਾਨ ਪੰਜਾਬ ਵਿਚ ਹੋਈਆਂ ਕਥਿਤ ਗੈਰ-ਕਾਨੂੰਨੀ ਹੱਤਿਆਵਾਂ ਅਤੇ ਅਣਪਛਾਤੀਆਂ ਲਾਸ਼ਾਂ ਦੇ ਸਸਕਾਰਾਂ ਸੰਬੰਧੀ ਸੱਚ ਸਾਹਮਣੇ ਲਿਆਉਣ ਲਈ ਕੀਤੀ ਗਈ ਖੋਜ ਅਤੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਕੀਤੀ ਅਤੇ ਪੀੜਤ ਪਰਿਵਾਰਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਈ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਆਪਣੀ ਕੁਰਬਾਨੀ ਕਾਰਨ ਭਾਈ ਖਾਲੜਾ ਅੱਜ ਵੀ ਇਨਸਾਫ਼ ਅਤੇ ਸੱਚ ਦੀ ਆਵਾਜ਼ ਵਜੋਂ ਯਾਦ ਕੀਤੇ ਜਾਂਦੇ ਹਨ। ਭਾਈ ਜੋਧਬੀਰ ਸਿੰਘ ਨੇ ਮੰਗ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਦੇ ਸਨਮਾਨ ਵਜੋਂ ‘ਫ਼ਖ਼ਰ-ਏ-ਕੌਮ’ ਐਵਾਰਡ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ।
ਸ਼ਹੀਦ ਭਾਈ ਖਾਲੜਾ ਨੂੰ ‘ਫ਼ਖ਼ਰ-ਏ-ਕੌਮ’ ਐਵਾਰਡ ਮਿਲਣਾ ਚਾਹੀਦਾ-ਭਾਈ ਖਾਨਪੁਰ, ਜੱਲੂਪੁਰ ਖੈੜਾ
ਅਜੀਤ ਡੈਸਕ
21-07-2026