ਬਿਜਲੀ ਕੱਟਾਂ ਤੋਂ ਪ੍ਰੇਸ਼ਾਨ 5 ਪਿੰਡਾਂ ਦੇ ਲੋਕਾਂ ਨੇ ਬਿਜਲੀ ਘਰ ਮਲੋਟ ਵਿਖੇ ਲਗਾਇਆ ਧਰਨਾ ਝੋਨੇ ਦੀ ਫ਼ਸਲ ਲਈ ਲੋੜੀਂਦੀ ਬਿਜਲੀ ਨਾ ਮਿਲਣ ’ ਤੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਮਲੋਟ, 2 ਸਤੰਬਰ (ਪਾਟਿਲ)-ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ 5 ਪਿੰਡਾਂ ਦੇ ਵਸਨੀਕਾਂ ਵਲੋਂ ਅੱਜ ਬਠਿੰਡਾ ਰੋਡ ਸਥਿਤ ਮਲੋਟ ਬਿਜਲੀ ਘਰ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਪਿੰਡ ਸ਼ੇਖੂ, ਜੰਡਵਾਲਾ, ਘੁਮਿਆਰਾ, ਕਰਮਗੜ੍ਹ ਅਤੇ ਮਲੋਟ ਦੇ ਕਿਸਾਨਾਂ ਤੇ ਵਸਨੀਕਾਂ ਨੇ ਸ਼ਮੂਲੀਅਤ ਕੀਤੀ।
ਮਲੋਟ, 2 ਸਤੰਬਰ (ਪਾਟਿਲ)-ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ 5 ਪਿੰਡਾਂ ਦੇ ਵਸਨੀਕਾਂ ਵਲੋਂ ਅੱਜ ਬਠਿੰਡਾ ਰੋਡ ਸਥਿਤ ਮਲੋਟ ਬਿਜਲੀ ਘਰ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਪਿੰਡ ਸ਼ੇਖੂ, ਜੰਡਵਾਲਾ, ਘੁਮਿਆਰਾ, ਕਰਮਗੜ੍ਹ ਅਤੇ ਮਲੋਟ ਦੇ ਕਿਸਾਨਾਂ ਤੇ ਵਸਨੀਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਧਰਨੇ ’ਤੇ ਬੈਠੇ ਆਗੂਆਂ ਨੇ ਕਿਹਾ ਕਿ 5 ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਈ-ਕਈ ਘੰਟੇ ਦੇਰੀ ਨਾਲ ਛੱਡੀ ਜਾਂਦੀ ਹੈ ਅਤੇ ਥੋੜ੍ਹੇ ਸਮੇਂ ਬਾਅਦ ਹੀ ਮੁੜ ਕੱਟ ਲੱਗ ਜਾਂਦਾਂ ਹੈ। ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਲਗਾਉਣ ਲਈ ਸਾਰੀ ਰਾਤ ਬਿਜਲੀ ਦੀ ਉਡੀਕ ਕਰਨੀ ਪੈਂਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਬਹੁਤ ਲੋੜ ਹੈ। ਜੇਕਰ ਸਮੇਂ ਸਿਰ ਬਿਜਲੀ ਸਪਲਾਈ ਨਾ ਮਿਲੀ ਤਾਂ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ 6 ਮਹੀਨੇ ਦੀ ਮਿਹਨਤ ਤੇ ਪੈਸੇ ਫ਼ਸਲ ਵਿਚ ਲਗਾ ਚੁੱਕੇ ਹਨ, ਪਰ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਉਨ੍ਹਾਂ ਦੀ ਮਿਹਨਤ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਲਈ ਨਿਰਵਿਘਨ ਤੇ ਲੋੜੀਂਦੀ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਨਹੀਂ ਮਿਲ ਰਹੀ ਅਤੇ ਵਾਰ-ਵਾਰ ਝੂਠੇ ਭਰੋਸੇ ਦੇ ਕੇ ਧਰਨੇ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਧਰਨੇ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ, ਪਰ ਉਨ੍ਹਾਂ ਵਲੋਂ ਵੀ ਬਿਜਲੀ ਸਪਲਾਈ ਪੂਰੀ ਕਰਨ ਦਾ ਭਰੋਸਾ ਹੀ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਤਾਂ ਘੱਟੋ-ਘੱਟ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਂ ਪਿੰਡਾਂ ਦੀ ਬਿਜਲੀ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਬੈਠ ਕੇ ਬਿਜਲੀ ਦੀ ਉਡੀਕ ਕਰਨ ਲਈ ਮਜ਼ਬੂਰ ਹਨ, ਜਦਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਲਗਾਤਾਰ ਪਾਣੀ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਤਾਂ ਜੋ ਝੋਨੇ ਦੀ ਫ਼ਸਲ ਨੂੰ ਬਚਾਇਆ ਜਾ ਸਕੇ।