ਦੇਵੀਗੜ੍ਹ, 13 ਫਰਵਰੀ (ਰਾਜਿੰਦਰ ਸਿੰਘ ਮੌਜੀ)-ਬੋਰਡ ਦੀਆਂ ਆਗਾਮੀ ਪ੍ਰੀਖਿਆਵਾਂ ਦੇ ਮੱਦੇਨਜ਼ਰ, ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਮਯਾਬੀ ਅਤੇ ਉੱਜਵਲ ਭਵਿੱਖ ਲਈ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਵਨ ਪਾਠ ਦਾ ਕਰਵਾਇਆ ਗਿਆ | ਇਸ ਦੌਰਾਨ ਪੂਰਾ ਸਕੂਲ ਕੈਂਪਸ ਭਗਤੀਮਈ ਮਾਹੌਲ ਵਿਚ ਰੰਗਿਆ ਨਜ਼ਰ ਆਇਆ | ਇਸ ਸਮਾਗਮ ਦੀ ਸ਼ੁਰੂਆਤ ਪਵਿੱਤਰ ਬਾਣੀ ਦੇ ਉਚਾਰਣ ਨਾਲ ਹੋਈ | ਵਿਦਿਆਰਥੀਆਂ ਨੇ ਇਕਾਗਰਚਿੱਤ ਹੋ ਕੇ ਪਾਠ ਸੁਣਿਆ, ਜਿਸ ਨਾਲ ਉਨ੍ਹਾਂ ਵਿਚ ਨਵੀਂ ਊਰਜਾ ਅਤੇ ਆਤਮਿਕ ਸ਼ਕਤੀ ਦਾ ਸੰਚਾਰ ਹੋਇਆ | ਪਾਠ ਉਪਰੰਤ ਅਰਦਾਸ ਕੀਤੀ ਗਈ ਕਿ ਵਿਦਿਆਰਥੀ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਨਿਡਰਤਾ, ਧੀਰਜ ਅਤੇ ਆਤਮਵਿਸ਼ਵਾਸ ਨਾਲ ਸਫਲਤਾ ਹਾਸਲ ਕਰਨ | ਇਸ ਮੌਕੇ 'ਤੇ ਸਕੂਲ ਦੇ ਨਿਰਦੇਸ਼ਕ ਗੌਰਵ ਗੁਲਾਟੀ, ਪ੍ਰਧਾਨ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਸਕਾਰਾਤਮਕ ਸੋਚ ਦੇ ਸੁਮੇਲ ਨਾਲ ਹੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਸਮੇਂ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ | ਇਸ ਰੂਹਾਨੀ ਪ੍ਰੋਗਰਾਮ ਨੇ ਵਿਦਿਆਰਥੀਆਂ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ |