ਪਟਿਆਲਾ ਦੇ ਸਬ-ਰਜਿਸਟਰਾਰ ਦਫ਼ਤਰ ਵਿਖੇ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਜਾਂਚ
ਅਜੀਤ ਡੈਸਕ
14-02-2026
ਪਟਿਆਲਾ, 13 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਚੰਡੀਗੜ੍ਹ ਤੋਂ ਇਨਕਮ ਟੈਕਸ ਦੀ ਟੀਮ ਪਹੁੰਚਣ 'ਤੇ ਸਬ ਰਜਿਸਟਰਾਰ ਦਫਤਰ ਵਿਖੇ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ | ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਚੰਡੀਗੜ੍ਹ ਤੋਂ ਸਰਵੇ ਲਈ ਸਬ ਰਜਿਸਟਰਾਰ ਦਫਤਰ ਪਹੁੰਚੀ ਸੀ ਜਿਸ ਵਿਚ ਸਹਾਇਕ ਕਮਿਸ਼ਨਰ ਸਰੀਤਾ ਰਾਣੀ ਦੀ ਅਗਵਾਈ ਵਿਚ 5 ਮੈਂਬਰੀ ਟੀਮ ਸ਼ਾਮਲ ਸੀ | ਟੀਮ ਵਲੋਂ ਆਉਂਦੇ ਸਾਰ ਹੀ ਸਬ ਰਜਿਸਟਰਾਰ ਦਫਤਰ ਵਿਖੇ ਰੈਵੀਨਿਊ ਨਾਲ ਸੰਬੰਧਿਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਬ ਰਜਿਸਟਰਾਰ ਦਫਤਰ ਤੋਂ ਭੇਜੀਆਂ ਜਾਣ ਵਾਲੀਆਂ ਜ਼ਰੂਰੀ ਰਿਪੋਰਟਾਂ ਵਿਚ ਹੋ ਰਹੀ ਦੇਰੀ ਅਤੇ ਭੇਜੇ ਜਾ ਰਹੇ ਰਿਕਾਰਡ ਵਿਚ ਕੁਝ ਖ਼ਾਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ | ਸਰਵੇ ਟੀਮ ਵਲੋਂ ਰਜਿਸਟਰੀ ਨਾਲ ਸੰਬੰਧਿਤ ਖ਼ਰੀਦੋ ਫ਼ਰੋਖ਼ਤ ਦਾ ਬਿਉਰਾ ਫਾਈਲਾਂ ਅਤੇ ਸਮੇਂ ਸਮੇਂ ਤੇ ਸਬ ਰਜਿਸਟਰਾਰ ਦਫਤਰ ਵਲੋਂ ਇਨਕਮ ਟੈਕਸ ਵਿਭਾਗ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ/ਸੂਚਨਾਵਾਂ ਦਾ ਮਿਲਾਣ ਵੀ ਕੀਤਾ ਗਿਆ | ਇਸ ਕਾਰਵਾਈ ਦੌਰਾਨ ਜਿਥੇ ਸਰਵੇ ਟੀਮ ਵਲੋਂ ਕੁਝ ਜ਼ਰੂਰੀ ਦਸਤਾਵੇਜ਼ ਕਬਜ਼ੇ ਵਿਚ ਲੈਂਦਿਆਂ ਜਾਂਚ ਸ਼ੁਰੂ ਕੀਤੀ ਗਈ ਉੱਥੇ ਹੀ ਸਬ ਰਜਿਸਟਰਾਰ ਵਿਭਾਗ ਦੇ ਕਰਮਚਾਰੀਆਂ ਤੋਂ ਵੱਖਰੇ ਪੱਧਰ ਤੇ ਪੁੱਛਗਿੱਛ ਕੀਤੀ ਗਈ | ਦੇਰ ਸ਼ਾਮ ਤੱਕ ਚਲੀ ਇਸ ਜਾਂਚ ਵਿਚ ਫਿਲਹਾਲ ਕਿਸੇ ਅਧਿਕਾਰੀ ਵਲੋਂ ਕੋਈ ਅਧਿਕਾਰਤ ਨੋਟਿਸ ਜਾਂ ਕਾਰਵਾਈ ਦੀ ਪੁਸ਼ਟੀ ਦਾ ਨਹੀਂ ਪਤਾ ਲੱਗਾ | ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਨੂੰ ਸਬ ਰਜਿਸਟਰਾਰ ਵਿਭਾਗ ਵਲੋਂ ਇਕ ਮਿਥੀ ਸਲੈਬ ਤੋਂ ਵੱਧ ਰਾਸ਼ੀ ਦੀ ਰਜਿਸਟਰੀ ਹੋਣ ਦਾ ਵੇਰਵਾ ਭੇਜਿਆ ਜਾਂਦਾ ਹੈ ਜਿਸ ਨਾਲ ਰਜਿਸਟਰੀ ਕਰਵਾਉਣ ਵਾਲੇ ਦੀ ਆਮਦਨ ਦਾ ਰਿਕਾਰਡ ਇਨਕਮ ਟੈਕਸ ਵਿਭਾਗ ਕੋਲ ਪਹੁੰਚਦਾ ਹੈ | ਪਟਿਆਲਾ ਦੇ ਸਬ ਰਜਿਸਟਰਾਰ ਦਫਤਰ ਵਿਖੇ ਹੋਈ ਸਰਵੇ ਪ੍ਰਕਿ੍ਆ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ ਕਿ ਇਹ ਜਾਂਚ ਦਾ ਅਸਲ ਮੰਤਵ ਕੀ ਸੀ? ਇਸ ਮੌਕੇ ਸ਼ੁਰੂਆਤੀ ਤੌਰ 'ਤੇ ਸਬ ਰਜਿਸਟਰਾਰ ਦਫਤਰ ਵਿਖੇ ਰਜਿਸਟਰੀਆਂ ਕਰਵਾਉਣ ਆਏ ਵੱਡੀ ਗਿਣਤੀ ਲੋਕਾਂ ਦਾ ਕੰਮ ਕਾਜ ਪ੍ਰਭਾਵਿਤ ਹੋਇਆ ਉੱਥੇ ਹੀ ਬਾਅਦ ਵਿਚ ਲੋਕਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲਾ ਵੀ ਕੀਤਾ ਗਿਆ |