ਘਨੌਰ, 13 ਫਰਵਰੀ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਸੰਧਾਰਸੀ ਨੇ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਅਤੇ ਟਿਕਟ ਦੀ ਪੇਸ਼ਕਸ਼ ਸੰਬੰਧੀ ਦਿੱਤੇ ਬਿਆਨ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਸ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ | ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸੰਧਾਰਸੀ ਨੇ ਕਿਹਾ ਕਿ ਵਿਧਾਇਕਾ ਭਰਾਜ ਦੇ ਦਾਅਵਿਆਂ ਵਿਚ ਰੱਤੀ ਭਰ ਵੀ ਸਚਾਈ ਨਹੀਂ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਕ ਸੁਲਝੇ ਹੋਏ ਸਿਆਸਤਦਾਨ ਹਨ ਅਤੇ ਉਹ ਪੰਜਾਬ ਦੀ ਸਿਆਸਤ ਅਤੇ ਇੱਥੋਂ ਦੇ ਲੀਡਰਾਂ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਫ਼ ਹਨ | ਅਜਿਹੇ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਵਿਧਾਇਕਾ ਨੂੰ ਸੋਚਣਾ ਚਾਹੀਦਾ ਸੀ ਕਿ ਅਜਿਹੀਆਂ ਅਫ਼ਵਾਹਾਂ ਨਾਲ ਉਹ ਜਨਤਾ ਨੂੰ ਗੰੁਮਰਾਹ ਨਹੀਂ ਕਰ ਸਕਦੇ | ਸੰਧਾਰਸੀ ਨੇ ਸਪੱਸ਼ਟ ਕੀਤਾ ਕਿ ਭਾਜਪਾ ਇਕ ਕੇਡਰ ਆਧਾਰਿਤ ਪਾਰਟੀ ਹੈ | ਜੇਕਰ ਪੰਜਾਬ ਵਿਚ ਕਿਸੇ ਵੀ ਲੀਡਰ ਦੀ ਸ਼ਮੂਲੀਅਤ ਬਾਰੇ ਵਿਚਾਰ ਹੁੰਦਾ ਹੈ, ਤਾਂ ਨਾਇਬ ਸਿੰਘ ਸੈਣੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾਈ ਲੀਡਰਸ਼ਿਪ ਨਾਲ ਸਲਾਹ ਕੀਤੇ ਬਿਨਾਂ ਅਜਿਹਾ ਕੋਈ ਫ਼ੈਸਲਾ ਨਹੀਂ ਲੈਂਦੇ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਸ਼ੀਸ਼ੇ ਵਾਂਗ ਸਾਫ਼ ਹੋ ਚੁੱਕੀ ਹੈ | ਲੋਕ ਹੁਣ ਇਨ੍ਹਾਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ | ਸੰਧਾਰਸੀ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਭਾਜਪਾ ਦੀ ਸਰਕਾਰ ਬਣਾਉਣਗੇ | ਪਾਰਟੀ ਸਿਰਫ਼ ਬੇਦਾਗ਼ ਅਤੇ ਇਮਾਨਦਾਰ ਵਰਕਰਾਂ ਨੂੰ ਹੀ ਟਿਕਟਾਂ ਦੇ ਕੇ ਚੋਣ ਮੈਦਾਨ ਵਿਚ ਉਤਾਰੇਗੀ | ਉਨ੍ਹਾਂ ਅਖੀਰ ਵਿਚ ਕਿਹਾ ਕਿ ਵਿਧਾਇਕਾ ਭਰਾਜ ਅਜਿਹੀਆਂ ਗ਼ਲਤ ਅਫ਼ਵਾਹਾਂ ਉਡਾ ਕੇ ਭਾਜਪਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿਚ ਉਹ ਕਦੇ ਸਫਲ ਨਹੀਂ ਹੋਣਗੇ |