ਪਟਿਆਲਾ, 17 ਫਰਵਰੀ (ਗੁਰਵਿੰਦਰ ਸਿੰਘ ਔਲਖ)-'ਕੇਅਰ ਵਨ ਕੇਅਰ ਆਲ' ਨਾਮਕ ਚੈਅਰਟੀ ਸੰਸਥਾ ਪਿਛਲੇ 12 ਸਾਲਾਂ ਤੋਂ ਭਾਰਤ, ਆਸਟ੍ਰੇਲੀਆ ਸਮੇਤ ਵੱਖ-ਵੱਖ ਇਲਾਕਿਆਂ 'ਚ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ | ਸੰਸਥਾ ਦੇ ਮੁੱਖ ਸੇਵਾਦਾਰ ਡਾ. ਪਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੰਸਥਾ ਦਾ ਪ੍ਰਮੁੱਖ ਮਕਸਦ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਲਗਭਗ 30 ਹਜ਼ਾਰ ਤੋਂ ਵੱਧ ਲੋੜਵੰਦ ਇਨ੍ਹਾਂ ਸੇਵਾਵਾਂ ਦਾ ਲਾਭ ਲੈਂਦੇ ਹਨ | ਆਨੰਦਪੁਰ ਸਾਹਿਬ ਨਜ਼ਦੀਕ ਜੰਗਲਾਤੀ ਖੇਤਰਾਂ 'ਚ ਸੰਸਥਾ ਵਲੋਂ ਫ਼ਰੀ ਟਿਊਸ਼ਨ ਸਕੂਲ, ਸਿਲਾਈ ਅਤੇ ਕੰਪਿਊਟਰ ਸੈਂਟਰ, ਨਵੋਦਿਆ ਪ੍ਰੀਖਿਆ ਤਿਆਰੀ, ਸਕਾਲਰਸ਼ਿਪ ਯੋਜਨਾ ਅਤੇ ਲੋੜਵੰਦ ਪਰਿਵਾਰਾਂ ਲਈ ਮਹੀਨਾਵਾਰ ਰਾਸ਼ਨ ਵਰਗੇ ਪ੍ਰੋਜੈਕਟ ਚਲਾਏ ਜਾ ਰਹੇ ਹਨ | ਇਸ ਸਾਲ 100 ਸਕਾਲਰਸ਼ਿਪਾਂ ਦੀ ਵਿੱਤੀ ਸਹਾਇਤਾ ਵਿਦੇਸ਼ ਵੱਸਦੇ ਦਾਨੀਆਂ ਵਲੋਂ ਕੀਤੀ ਗਈ ਹੈ | ਇਸ ਮੌਕੇ ਪ੍ਰਧਾਨ ਰਸਬਿੰਦਰ ਸਿੰਘ, ਉਪ ਪ੍ਰਧਾਨ ਹਰਕੀਰਤ ਸਿੰਘ ਸੰਧੂ ਸਮੇਤ ਹੋਰ ਆਗੂ ਵੀ ਮੌਜੂਦ ਸਨ | ਡਾ. ਪਰਮਜੀਤ ਸਿੰਘ ਨੇ ਸਮਾਜ ਸੇਵਾ 'ਚ ਯੋਗਦਾਨ ਦੇਣ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਨਾਲ ਸੰਪਰਕ ਕਰਨ |