ਦੇਵੀਗੜ੍ਹ, 27 ਫਰਵਰੀ (ਰਾਜਿੰਦਰ ਸਿੰਘ ਮੌਜੀ)-ਕਸਬਾ ਦੇਵੀਗੜ੍ਹ ਦੇ ਪੁਰਾਣੇ ਬਾਜ਼ਾਰ ਵਿਚ ਇਕ ਪ੍ਰਮੁੱਖ ਕਾਰੋਬਾਰੀ ਦੇ ਘਰ ਹੋਈ ਵੱਡੀ ਚੋਰੀ ਦੀ ਵਾਰਦਾਤ ਨੂੰ ਹੱਲ ਕਰਦਿਆਂ ਥਾਣਾ ਜ਼ੁਲਕਾਂ ਦੀ ਪੁਲਿਸ ਨੇ 6 ਕਥਿਤ ਚੋਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤਾ ਗਿਆ ਲਾਇਸੰਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜ਼ੁਲਕਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ 8 ਫਰਵਰੀ ਦੀ ਰਾਤ ਨੂੰ ਉੱਘੇ ਵਪਾਰੀ ਵੇਦ ਪ੍ਰਕਾਸ਼ ਗਰਗ ਆਪਣੇ ਪਰਿਵਾਰ ਸਮੇਤ ਇਕ ਵਿਆਹ ਸਮਾਗਮ ਵਿਚ ਗਏ ਹੋਏ ਸਨ | ਪਿੱਛੋਂ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਤਾਲੇ ਤੋੜ ਕੇ 4 ਲੱਖ ਰੁਪਏ ਦੀ ਨਕਦੀ, 3 ਤੋਲੇ ਸੋਨਾ, ਇਕ 32 ਬੋਰ ਲਾਇਸੰਸੀ ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਚੋਰੀ ਕਰ ਲਏ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਅਤੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ | ਪੁਲਿਸ ਨੇ ਬੀ.ਐਨ.ਐੱਸ. ਦੀਆਂ ਧਾਰਾਵਾਂ 331(4) ਅਤੇ 305 ਤਹਿਤ ਮੁਕੱਦਮਾ ਦਰਜ ਕੀਤਾ ਸੀ | ਜਾਂਚ ਦੌਰਾਨ ਇਸ ਵਾਰਦਾਤ ਵਿਚ ਸ਼ਾਮਲ 6 ਵਿਅਕਤੀਆਂ ਦੀ ਪਛਾਣ ਹੋਈ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਪੰਕਜਵੀਰ ਸ਼ਰਮਾ, ਮਨਦੀਪ ਸ਼ਰਮਾ ਉਰਫ਼ ਰੋਮੀ, ਰਾਮ ਕਰਨ ਉਰਫ਼ ਭੋਲਾ, ਅਜੇ ਕੁਮਾਰ, ਕੁਨਾਲ ਸ਼ਰਮਾ ਅਤੇ ਹਰਕੀਰਤ ਸਿੰਘ ਸ਼ਾਮਿਲ ਹਨ | ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਗਿਆ ਸੀ, ਜਦਕਿ ਬਾਕੀ ਰਹਿੰਦੇ ਚਾਰ ਮੁਲਜ਼ਮਾਂ ਨੂੰ ਅੱਜ ਕਾਨੂੰਨੀ ਕਾਰਵਾਈ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ |