ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਲੱਕੜ ਮੰਡੀ ਦੇ ਨੇੜੇ ਸ਼ਰਾਬ ਵੇਚ ਰਹੇ ਵਿਅਕਤੀ ਤੋਂ ਪੰਜ ਪੇਟੀਆਂ ਹਰਿਆਣਾ ਮਾਰਕਾ ਦੀ ਦੇਸੀ ਸ਼ਰਾਬ ਬਰਾਮਦ ਕੀਤੀ ਹੈ | ਜਿਸ ਆਧਾਰ ਉੱਤੇ ਪੁਲਿਸ ਨੇ ਮੁਲਜ਼ਮ ਸੋਨੀ ਵਾਸੀ ਪਟਿਆਲਾ ਖਿਲਾਫ ਆਬਕਾਰੀ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਲੱਕੜ ਮੰਡੀ ਨੇੜੇ ਸ਼ਰਾਬ ਵੇਚ ਰਿਹਾ ਹੈ | ਜਿਸ ਤਹਿਤ ਛਾਪੇਮਾਰੀ ਦੌਰਾਨ ਮੁਲਜ਼ਮ ਤੋਂ ਪੰਜ ਪੇਟੀਆਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀਆਂ ਬਰਾਮਦ ਹੋਈਆਂ | ਇਹ ਸ਼ਰਾਬ ਮੁਲਜ਼ਮ ਕਿਥੋਂ ਲਿਆਇਆ ਸੀ ਇਸ ਸੰਬੰਧੀ ਅਜੇ ਪੜਤਾਲ ਕੀਤੀ ਜਾ ਰਹੀ ਹੈ | ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਇਸ ਕਾਰੋਬਾਰ ਵਿਚ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |