ਸਨੌਰ, 28 ਫਰਵਰੀ (ਸੋਖਲ)-ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਦੀ ਇਕ ਭਰਵੀਂ ਮੀਟਿੰਗ ਸਨੌਰ ਦੇ ਪਿੰਡ ਮਾੜੂ ਵਿਖੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ 'ਚ ਬਲਵੀਰ ਸਿੰਘ ਸਾਬਕਾ ਸਰਪੰਚ ਅਤੇ ਰਣਜੀਤ ਸਿੰਘ ਜੋਧਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਤਸਵੀਰ ਸਿੰਘ ਨੰਬਰਦਾਰ, ਸੀਨੀਅਰ ਆਗੂ ਸ਼ਬੇਗ ਸਿੰਘ ਕਾਲਾ, ਮੁਨੀਮ ਜੱਸਾ ਅਤੇ ਹੋਰ ਆਗੂਆਂ ਨੇ ਵੀ ਹਾਜ਼ਰੀ ਭਰੀ ਮੀਟਿੰਗ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸੰਭਾਵਿਤ ਸਮਝੌਤਿਆਂ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ਵਿਚ ਖੇਤੀਬਾੜੀ ਅਤੇ ਇਸ ਨਾਲ ਜੁੜੇ ਧੰਦੇ ਪ੍ਰਭਾਵਿਤ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ, ਨਸਲ ਅਤੇ ਜਾਇਦਾਦ ਦੀ ਰੱਖਿਆ ਲਈ ਇਕੱਠੇ ਹੋਣ ਦੀ ਲੋੜ ਹੈ | ਆਗੂਆਂ ਨੇ ਯਾਦ ਦਿਵਾਇਆ ਕਿ 2014 ਦੀਆਂ ਚੋਣਾਂ ਦੌਰਾਨ ਕਿਸਾਨ ਕਰਜ਼ਾ ਮੁਕਤੀ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਆਮਦਨ ਦੁਗਣੀ ਕਰਨ ਦੇ ਵਾਅਦੇ ਕੀਤੇ ਗਏ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ | ਬੂਟਾ ਸਿੰਘ ਸ਼ਾਦੀਪੁਰ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚਾਰ ਸਾਲ ਬੀਤ ਜਾਣ ਬਾਵਜੂਦ ਕਈ ਵਾਅਦੇ ਅਧੂਰੇ ਹਨ | ਉਨ੍ਹਾਂ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਤਿੱਖਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਇਹ ਮੀਟਰ ਉਤਾਰ ਕੇ ਸਬ ਡਿਵੀਜ਼ਨਾਂ ਵਿੱਚ ਐਸ.ਡੀ.ਓ. ਦੀ ਹਾਜ਼ਰੀ ਵਿੱਚ ਜਮ੍ਹਾਂ ਕਰਵਾਏ ਜਾਣਗੇ ਅਤੇ ਪੁਰਾਣੇ ਮੀਟਰ ਲਗਾਉਣ ਦੀ ਮੰਗ ਕੀਤੀ ਜਾਵੇਗੀ | ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ 10 ਮਾਰਚ ਨੂੰ ਬਰਨਾਲਾ ਵਿਚ ਹੋਣ ਵਾਲੀ ਵੱਡੀ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ | ਇਸ ਮੌਕੇ ਪਿੰਡ ਮਾੜੂ ਦੀ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਜਗਦੀਪ ਸਿੰਘ ਜੱਗਾ ਸਾਂਸੀ ਨੂੰ ਪ੍ਰਧਾਨ ਅਤੇ ਅਰਸ਼ਦੀਪ ਸਿੰਘ ਅਰਸ਼ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਹੋਰ ਮੈਂਬਰਾਂ ਵਿਚ ਟਹਿਲ ਸਿੰਘ, ਭਪਿੰਦਰ ਸਿੰਘ ਭਿੰਦਾ, ਨਿਸ਼ਾਨ ਸਿੰਘ, ਬਲਿਆਰ ਸਿੰਘ, ਸ਼ੇਰ ਸਿੰਘ ਸੋਨੂ ਟਵਾਣਾ, ਮਲਕੀਤ ਸਿੰਘ, ਨਿਧਾਨ ਸਿੰਘ, ਗੁਰਲਾਲ ਸਿੰਘ, ਮਨਿੰਦਰ ਸਿੰਘ, ਗੁਰਕੀਰਤ ਸਿੰਘ, ਗੁਰਪਿੰਦਰ ਸਿੰਘ, ਥੰਮਣਪ੍ਰੀਤ, ਰਮਨਦੀਪ, ਜਸਕਰਨ ਚੱਠਾ, ਰੂਪ ਸਿੰਘ, ਹਰਮਨਪ੍ਰੀਤ ਸਿੰਘ, ਅਮਿਤੋਜ ਅਤੇ ਬਲਵੀਰ ਸਿੰਘ ਹੰਜਰਾ ਸਮੇਤ ਹੋਰ ਸ਼ਾਮਿਲ ਸਨ |