ਸਮਾਣਾ, 28 ਫਰਵਰੀ (ਹਰਵਿੰਦਰ ਸਿੰਘ ਟੋਨੀ)-ਥਾਣਾ ਸਦਰ ਪੁਲਿਸ ਵਲੋਂ ਇਕ ਸ਼ੈਲਰ 'ਚ ਪਏ ਪਨਗ੍ਰੇਨ ਵਿਭਾਗ ਦੇ ਜੀਰੀ ਦੇ ਕੱਟੇ ਕਥਿਤ ਹੇਰਾਫੇਰੀ ਕਰਦਿਆਂ ਲੱਖਾਂ ਰੁਪਏ ਦੀ ਠੱਗੀ ਮਾਰਕੇ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਪਿੰਡ ਤੁਲੇਵਾਲ ਦੀ ਆੜ੍ਹਤ ਦੀ ਫਰਮ ਤੁਲੇਵਾਲ ਟਰੇਡਿੰਗ ਕੰਪਨੀ ਦੇ ਮਾਲਕ ਦਲਬੀਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਤੁਲੇਵਾਲ ਨੂੰ ਗਿ੍ਫ਼ਤਾਰ ਕਰਦਿਆਂ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਕਿ੍ਪਾ ਰਾਈਸ ਮਿਲ ਖੇੜੀ ਫੱਤਾ ਦੇ ਮਾਲਕ/ਹਿੱਸੇਦਾਰ ਮਹਿੰਦਰ ਸਿੰਘ ਭੱਪਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਕਿਹਾ ਕਿ ਪਿੰਡ ਖੇੜੀ ਫੱਤਾ ਦੇ ਰਣਜੋਧ ਸਿੰਘ ਪੁੱਤਰ ਨਿਰਮਲ ਸਿੰਘ, ਅਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਦੇਵੀਗੜ੍ਹ ਤੇ ਤੁਲੇਵਾਲ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਆਪਸ ਵਿਚ ਕਥਿਤ ਮਿਲੀਭੁਗਤ ਨਾਲ ਠੱਗੀ ਮਾਰੀ ਹੈ | ਉਨ੍ਹਾਂ ਦੱਸਿਆ ਕਿ ਸਾਲ 2023 ਵਿਚ ਪਨਗ੍ਰੇਨ ਵਿਭਾਗ ਨੇ ਅਨਾਜ ਮੰਡੀ ਖੇੜੀ ਫੱਤਾ ਤੋਂ ਗੁਰੂ ਕਿ੍ਪਾ ਰਾਇਸ ਮਿਲ 'ਚ ਜੀਰੀ ਭੇਜੀ ਸੀ | ਜਦੋਂ ਕਿ ਸੈਲਰ 'ਚੋਂ ਜੀਰੀ 820 ਗੱਟੇ ਜੋ ਦੋ ਟਰੱਕ ਰਾਹੀਂ ਜਾਣੇ ਸੀ ਨਹੀਂ ਪਹੁੰਚੇ ਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਗੇਟ ਪਾਸ ਨੰ. 8 ਮਿਤੀ 22.10.2023 ਰਾਹੀਂ 485 ਗੱਟੇ ਜੀਰੀ ਡਰਾਇਵਰ ਬਖਸ਼ੀਸ਼ ਸਿੰਘ, ਗੇਟ ਪਾਸ ਨੰ. 34 ਮਿਤੀ 25.10.2023 ਰਾਹੀਂ 335 ਗੱਟੇ ਜੀਰੀ ਡਰਾਇਵਰ ਪ੍ਰਗਟ ਸਿੰਘ ਦੋ ਟਰੱਕਾਂ ਰਾਹੀਂ ਜੀਰੀ ਨਹੀਂ ਲੈ ਕੇ ਗਏ ਤੇ ਟਰੱਕ ਚਾਲਕਾਂ ਮੁਤਾਬਿਕ ਉਨ੍ਹਾਂ ਨੂੰ ਗੇਟ ਪਾਸ ਆੜ੍ਹਤੀ ਦਲਬੀਰ ਸਿੰਘ ਤੁਲੇਵਾਲ ਨੇ ਦਿੱਤੇ ਜੋ ਉਨ੍ਹਾਂ ਰਣਜੋਧ ਸਿੰਘ ਨੂੰ ਸੌਂਪ ਦਿੱਤੇ ਤੇ ਇਹ ਗੱਲ ਟਰੱਕ ਚਾਲਕਾਂ ਇਕੱਤਰ ਪੰਚਾਇਤ 'ਚ ਵੀ ਮੰਨੀ ਹੈ ਕਿ ਰਣਜੋਧ ਸਿੰਘ ਨੇ ਗੇਟ ਪਾਸਾਂ ਤੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਸੌਂਪਦਿਆਂ ਗੇਟ ਪਾਸ ਵਾਪਸ ਉਨ੍ਹਾਂ ਨੂੰ ਹੀ ਦੇਣ ਲਈ ਕਿਹਾ ਸੀ ਸ਼ਿਕਾਇਤਕਰਤਾਵਾਂ ਮਹਿੰਦਰ ਸਿੰਘ ਵਲੋਂ ਬਾਅਦ 'ਚ ਖ਼ੁਦ ਪੱਲਿਓਾ ਸਟਾਪ ਪੂਰਾ ਕਰਨ ਲਈ ਮੈ. ਸੰਧੂ ਬ੍ਰਦਰਜ਼ ਕਮਿਸ਼ਨ ਏਜੰਟ ਨਿਊ ਗ੍ਰੇਨ ਮਾਰਕੀਟ ਸਮਾਣਾ ਤੋਂ ਜੀਰੀ ਦੀ ਖ਼ਰੀਦ ਕੀਤੀ ਗਈ ਜਿਸ ਦੇ ਸਬੂਤ ਉਸ ਕੋਲ ਮੌਜੂਦ ਹਨ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਹੀ ਵਿਭਾਗ ਦਾ ਸਹਿਯੋਗ ਵੀ ਹਾਸਲ ਕੀਤਾ ਜਾ ਰਿਹਾ ਹੈ | ਪੁਲਿਸ ਮੁਤਾਬਿਕ ਦਲਬੀਰ ਸਿੰਘ ਸਮਾਣਾ ਵਿਖੇ ਆਪਣੇ ਕਿਸੇ ਨਿੱਜੀ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਇਆ ਸੀ ਜਿਸ ਨੂੰ ਸੂਚਨਾ ਦੇ ਆਧਾਰ ਤੇ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਰਣਜੋਧ ਤੇ ਉਸ ਦਾ ਜੀਜਾ ਅਮਨਦੀਪ ਸਿੰਘ ਵਾਸੀ ਦੇਵੀਗੜ੍ਹ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ | ਜਿਨ੍ਹਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹਿਰਾਸਤ 'ਚ ਲੈ ਲਏ ਜਾਣਗੇ |