ਸਮਾਣਾ, 28 ਫਰਵਰੀ (ਪ੍ਰੀਤਮ ਸਿੰਘ ਨਾਗੀ)-ਦਿੱਲੀ ਦੀ ਮਾਣਯੋਗ ਅਦਾਲਤ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਸ ਨੂੰ ਸੱਚਾਈ, ਇਨਸਾਫ਼ ਅਤੇ ਇਮਾਨਦਾਰ ਰਾਜਨੀਤੀ ਦੀ ਵੱਡੀ ਅਤੇ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵਿਰੁੱਧ ਬਣਾਇਆ ਇਹ ਪੂਰਾ ਮਾਮਲਾ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦੀ ਭਾਵਨਾ ਤੋਂ ਪ੍ਰੇਰਿਤ ਸੀ | ਹਰਚੰਦ ਸਿੰਘ ਬਰਸਟ ਵਲੋਂ ਪਟਿਆਲਾ ਦਫ਼ਤਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ | ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੇਂਦਰੀ ਏਜੰਸੀਆਂ ਜਿਵੇਂ ਈ.ਡੀ., ਸੀ.ਬੀ.ਆਈ. ਦੀ ਖੁੱਲ੍ਹੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਅਤੇ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਪਰ ਅਦਾਲਤ ਦੇ ਇਸ ਫ਼ੈਸਲੇ ਨੇ ਕੇਂਦਰ ਸਰਕਾਰ ਦੇ ਸਾਰੇ ਝੂਠ ਨੂੰ ਸਭ ਦੇ ਸਾਹਮਣੇ ਉਜਾਗਰ ਕਰ ਦਿੱਤਾ ਹੈ | ਇਹ ਸਾਬਤ ਕਰਦਾ ਹੈ ਕਿ ਅੰਤ 'ਚ ਸਚਾਈ ਹੀ ਜਿੱਤਦੀ ਹੈ ਅਤੇ ਝੂਠੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੁੰਦੀਆਂ | ਇਸ ਮੌਕੇ ਜਸਬੀਰ ਕੌਰ ਸ਼ੇਰਗਿੱਲ ਚੇਅਰਮੈਨ ਮਾਰਕੀਟ ਕਮੇਟੀ ਦਿੜ੍ਹਬਾ, ਹਰਪਾਲ ਸਿੰਘ ਬਲਾਕ ਸੰਮਤੀ ਮੈਂਬਰ ਫਤਿਹਗੜ੍ਹ ਛੰਨਾ, ਲਾਲ ਸਿੰਘ ਸਰਪੰਚ ਲਾਲਗੜ੍ਹ/ਬਹਾਦਰਗੜ੍ਹ, ਸ਼ੰਕਰ ਸਿੰਘ ਸਰਪੰਚ ਖੇੜਕੀ, ਸਰਬਜੀਤ ਸਿੰਘ ਸਰਪੰਚ ਗਾਜੇਵਾਸ, ਭਿੰਦਰ ਸਰਪੰਚ ਨਵੀਂ ਰੌਣੀ, ਜਸਵੰਤ ਸਰਪੰਚ ਵੱਡੀ ਰੌਣੀ, ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਸੰਤੋਖ ਸਿੰਘ ਸਰਪੰਚ ਖਿਜਰਪੁਰ, ਸ਼ਾਮ ਲਾਲ ਦੱਤ, ਗੁਲਜਾਰ ਸਿੰਘ ਦੁਘਾਟ, ਮਲਕੀਤ ਸਿੰਘ ਨੰਬਰਦਾਰ, ਰਾਮ ਰਤਨ ਸਾਬਕਾ ਸਰਪੰਚ ਰੌਣੀ ਝੂੰਗੀਆਂ, ਸਾਹਿਲ ਬੂਥ ਇੰਚਾਰਜ, ਗੁਰਜੀਤ ਸਿੰਘ ਗ੍ਰੀਨ ਪਾਰਕ ਸਮੇਤ ਹੋਰ ਲੋਕ ਵੀ ਮੌਜੂਦ ਰਹੇ |