27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਧਿਆਪਕਾਂ ਨੂੰ ਬੀ.ਐਲ.ਓ. ਵਰਗੀਆਂ ਡਿਊਟੀਆਂ ਵਿੱਚ ਉਲਝਾ ਕੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹੈ-ਕਿ੍ਸ਼ਨ ਸਿੰਘ ਸਨੌਰ

ਅਜੀਤ ਡੈਸਕ 12-04-2026
ਸਨੌਰ, 11 ਅਪ੍ਰੈਲ (ਮੋਹਨ ਸਿੰਘ ਭੱਟੀ)-ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਅਤੇ ਅਧਿਆਪਕਾਂ 'ਤੇ ਪਾਏ ਜਾ ਰਹੇ ਵਾਧੂ ਕੰਮ ਦੇ ਬੋਝ ਕਾਰਨ ਅੱਜ ਸਨੌਰ ਹਲਕੇ ਵਿਚ ਉਸ ਸਮੇਂ ਸੋਗ ਅਤੇ ਭਾਰੀ ਰੋਸ ਦੀ ਲਹਿਰ ਦੌੜ ਗਈ, ਜਦੋਂ ਇੱਕ ਹੋਣਹਾਰ ਅਧਿਆਪਕ ਦੀ ਡਿਊਟੀ ਦੇ ਮਾਨਸਿਕ ਦਬਾਅ ਹੇਠ ਮੌਤ ਹੋ ਗਈ | ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਈ.ਟੀ.ਟੀ. ਅਧਿਆਪਕ ਪ੍ਰਦੀਪ ਕੁਮਾਰ, ਜੋ ਕਿ ਆਪਣੀ ਅਸਲ ਅਧਿਆਪਨ ਦੀ ਡਿਊਟੀ ਦੇ ਨਾਲ-ਨਾਲ ਬੀ.ਐਲ.ਓ. ਵਜੋਂ ਵਾਧੂ ਪ੍ਰਸ਼ਾਸਨਿਕ ਸੇਵਾਵਾਂ ਨਿਭਾਅ ਰਹੇ ਸਨ, ਦੀ ਬੇਵਕਤੀ ਮੌਤ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਅਤੇ ਮੁਲਾਜ਼ਮਾਂ ਦੀ ਭਲਾਈ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ | ਇਸ ਦੁਖਦਾਈ ਘਟਨਾ ਨਾਲ ਅਧਿਆਪਕ ਜਥੇਬੰਦੀਆਂ ਵਿੱਚ ਸਰਕਾਰ ਵਿਰੁੱਧ ਤਿੱਖਾ ਗੁੱਸਾ ਪਾਇਆ ਜਾ ਰਿਹਾ ਹੈ | ਇਸ ਘਟਨਾ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਕਮੇਟੀ ਦੇ ਮੈਂਬਰ ਕਿ੍ਸ਼ਨ ਸਿੰਘ ਸਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ | ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਪ੍ਰਦੀਪ ਕੁਮਾਰ ਵਰਗੇ ਕਾਬਲ ਅਤੇ ਨੇਕ ਇਨਸਾਨ ਦੀ ਜਾਨ ਕਿਸੇ ਕੁਦਰਤੀ ਕਾਰਨ ਨਹੀਂ, ਸਗੋਂ ਸਰਕਾਰੀ ਤੰਤਰ ਵਲੋਂ ਪਾਏ ਗਏ ਬੇਲੋੜੇ ਮਾਨਸਿਕ ਅਤੇ ਕੰਮ ਦੇ ਦਬਾਅ ਕਾਰਨ ਗਈ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਅਧਿਆਪਕਾਂ ਨੂੰ ਬੀ.ਐਲ.ਓ. ਵਰਗੀਆਂ ਡਿਊਟੀਆਂ ਵਿੱਚ ਉਲਝਾ ਕੇ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਅਕਾਲੀ ਆਗੂ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਪਰਿਵਾਰ ਨੂੰ ਤੁਰੰਤ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਬਤੌਰ ਮੁਆਵਜ਼ਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਉਸਦੀ ਯੋਗਤਾ ਮੁਤਾਬਕ ਤੁਰੰਤ ਸਰਕਾਰੀ ਨੌਕਰੀ ਦਿੱਤੀ ਜਾਵੇ |
ਪਿਛਲੀ ਖ਼ਬਰ ਵਿਸਾਖੀ ਦਿਹਾੜੇ ਨੂੰ ਸਮਰਪਿਤ ਮਿੰਨੀ ਮੈਰਾਥਨ ਕਰਵਾਈ-ਮੇਅਰ ਕੁੰਦਨ ਗੋਗੀਆ ਤੇ ਚੇਅਰਮੈਨ ਘੁੰਮਣ ਨੇ ਦਿੱਤੀ ਹਰੀ ਝੰਡੀ ਅਗਲੀ ਖ਼ਬਰ ਰਵਿੰਦਰ ਸਿੰਘ ਵਿੰਦਾ ਗਰੋਵਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।