08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੰਡੀਆਂ 'ਚ ਖਰੀਦ ਅਤੇ ਢੋਆ-ਢੁਆਈ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਢੇਰ • ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਮੰਡੀਆਂ ਦਾ ਜਾਇਜ਼ਾ ਲੈਣ ਪਹੁੰਚੇ ਅਕਾਲੀ ਆਗੂ ਨੇ ਪ੍ਰਬੰਧਾਂ ਦੀ ਖੋਲ੍ਹੀ ਪੋਲ

ਅਜੀਤ ਡੈਸਕ 18-04-2026
ਦੇਵੀਗੜ੍ਹ, 17 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਅਤੇ ਚੁਕਾਈ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਮੌਜੂਦਾ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ | ਅੱਜ ਦੁੱਧਨ ਸਾਧਾਂ ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਮੰਡੀਆਂ ਵਿਚ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਤਰਸਣਾ ਪੈ ਰਿਹਾ ਹੈ | ਕਿ੍ਸ਼ਨ ਸਿੰਘ ਸਨੌਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਜਦੋਂ ਉਨ੍ਹਾਂ ਨੇ ਮੰਡੀਆਂ ਦੀ ਬੋਲੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ | ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਕਿਸੇ ਵੀ ਕਿਸਾਨ ਨੂੰ ਪੱਕਾ ਬਿੱਲ ਕੱਟ ਕੇ ਦਿੱਤਾ ਗਿਆ | ਬਿੱਲ ਨਾ ਹੋਣ ਕਾਰਨ ਕਿਸਾਨਾਂ ਦੀ ਅਦਾਇਗੀ ਰੁਕੀ ਹੋਈ ਹੈ, ਜਿਸ ਕਾਰਨ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਅਤੇ ਆਪਣੇ ਘਰੇਲੂ ਖ਼ਰਚਿਆਂ ਲਈ ਪੈਸੇ-ਪੈਸੇ ਦੇ ਮੁਹਤਾਜ ਹੋ ਰਹੇ ਹਨ | ਅਕਾਲੀ ਆਗੂ ਨੇ ਮੰਡੀਆਂ ਵਿਚ ਪੀਣ ਵਾਲੇ ਪਾਣੀ ਅਤੇ ਸਫਾਈ ਦੇ ਪ੍ਰਬੰਧਾਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਵੱਡੀ ਸਮੱਸਿਆ ਪੀਣ ਵਾਲੇ ਪਾਣੀ, ਪਖਾਨਿਆਂ, ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਜਾਂ ਕਿਸਾਨਾਂ ਲਈ ਛਾਂ ਚ ਬੈਠਣ ਦੀ ਥਾਂ ਦੇ ਪ੍ਰਬੰਧਾਂ ਦੀ ਹੈ | ਉਨ੍ਹਾਂ ਕਿਹਾ ਕਿ ਤਪਦੀ ਗਰਮੀ ਵਿੱਚ ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ | ਜਦੋਂ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਬੰਧ ਜਲਦ ਕੀਤੇ ਜਾਣਗੇ | ਸਨੌਰ ਨੇ ਤਨਜ਼ ਕਸਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਸੁੱਤੀ ਪਈ ਹੈ ਅਤੇ ਅਕਾਲੀ ਦਲ ਦੇ ਜਗਾਉਣ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ | ਅਕਾਲੀ ਆਗੂ ਨੇ ਸੁਰੱਖਿਆ ਦੇ ਪੱਖੋਂ ਮੰਡੀਆਂ ਦੀ ਹਾਲਤ ਬੇਹੱਦ ਚਿੰਤਾਜਨਕ ਦੱਸਦਿਆਂ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕੋਈ ਚੌਕੀਦਾਰ ਮੌਜੂਦ ਨਹੀਂ ਹੈ | ਇਸ ਦਾ ਫਾਇਦਾ ਚੋਰ ਉਠਾ ਰਹੇ ਹਨ | ਉਨ੍ਹਾਂ ਇੱਕ ਮਿਸਾਲ ਦਿੰਦਿਆਂ ਦੱਸਿਆ ਕਿ ਇਕ ਆੜ੍ਹਤੀ ਦੀਆਂ ਲਗਭਗ 8 ਬੋਰੀਆਂ ਚੋਰੀ ਹੋ ਚੁੱਕੀਆਂ ਹਨ | ਜੇਕਰ ਮੰਡੀਆਂ ਵਿਚ ਰਾਤ ਸਮੇਂ ਰਖਵਾਲੀ ਦਾ ਪ੍ਰਬੰਧ ਨਹੀਂ ਹੋਵੇਗਾ ਤਾਂ ਕਿਸਾਨਾਂ ਅਤੇ ਆੜ੍ਹਤੀਆਂ ਦਾ ਭਾਰੀ ਨੁਕਸਾਨ ਹੋਣਾ ਲਾਜ਼ਮੀ ਹੈ | ਕਿ੍ਸ਼ਨ ਸਿੰਘ ਸਨੌਰ ਨੇ ਅਖੀਰ ਵਿੱਚ ਕਿਹਾ ਕਿ ਇਹ ਸਭ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ | ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਪਾਉਣ 'ਤੇ ਹੀ ਅਧਿਕਾਰੀ ਕੰਮ ਕਰਨ ਦਾ ਵਾਅਦਾ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਪੱਕੇ ਬਿੱਲ ਦਿੱਤੇ ਜਾਣ, ਪੇਮੈਂਟਾਂ ਜਾਰੀ ਕੀਤੀਆਂ ਜਾਣ ਅਤੇ ਮੰਡੀਆਂ ਵਿੱਚ ਚੌਕੀਦਾਰਾਂ ਤੇ ਪਾਣੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਹਰਮਿੰਦਰ ਸਿੰਘ ਜੋਗੀਪੁਰ, ਜਸਵਿੰਦਰ ਸਿੰਘ ਮੋਹਣੀ, ਸੰਜੀਵ ਕੁਮਾਰ ਐਹਿਰੂ ਕਲਾਂ, ਜਸਵੀਰ ਸਿੰਘ ਚੂੰਹਟ ਸਾਬਕਾ ਸਰਪੰਚ, ਜਸਵੀਰ ਗੋਸੁਆਮੀ ਸਾਬਕਾ ਸਰਪੰਚ ਸੇਖੁਪੁਰ, ਸਾਹਿਬ ਸਿੰਘ ਮੋਹਲਗੜ੍ਹ, ਸੁਖਦੇਵ ਸਿੰਘ ਸੁੱਖੀ ਖਾਕਟਾਂ, ਜਸਪਾਲ ਸਿੰਘ ਕੋਹਲੇ ਮਾਜਰਾ, ਯੁਵਰਾਜ ਸਿੰਘ ਵਿਰਕ, ਸੱਜਣ ਸਿੰਘ, ਪ੍ਰੀਤਮ ਸਿੰਘ, ਜਰਨੈਲ ਸਿੰਘ, ਲਾਡੀ ਛੰਨਾ ਅਤੇ ਵਰਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ • ਅੱਵਲ ਰਹੇ ਵਿਦਿਆਰਥੀਆਂ ਨੂੰ ਮੈਡਲ ਦ... ਅਗਲੀ ਖ਼ਬਰ ਹੁਣ ਸਮਾਣਾ 'ਚ ਗੋਡਿਆਂ ਦੇ ਦਰਦ ਲਈ ਗੋਡਿਆਂ ਦਾ ਆਪ੍ਰੇਸ਼ਨ ਕੈਂਪ ਅੱਜ ਤੋਂ, ਓ. ਪੀ. ਡੀ. ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।