24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਟਰੈਫ਼ਿਕ ਇੰਚਾਰਜ ਦੇਵੀਗੜ੍ਹ ਬਲਵਿੰਦਰ ਸਿੰਘ ਨੇ ਜੋੜੀਆਂ ਸੜਕਾਂ ਸਨੌਰ ਵਿਖੇ ਆਪਣੇ ਖਰਚੇ ਨਾਲ ਲਗਵਾਇਆ ਵਾਟਰ ਕੂਲਰ

ਅਜੀਤ ਡੈਸਕ 15-05-2026
ਸਨੌਰ, 14 ਮਈ (ਸੋਖਲ)-ਵੱਧ ਰਹੀ ਗਰਮੀ ਨੂੰ ਧਿਆਨ 'ਚ ਰੱਖਦਿਆਂ ਟਰੈਫ਼ਿਕ ਇੰਚਾਰਜ ਦੇਵੀਗੜ੍ਹ ਬਲਵਿੰਦਰ ਸਿੰਘ ਵਲੋਂ ਅੱਜ ਸਨੌਰ ਦੇ ਵਿਅਸਤ ਇਲਾਕੇ ਜੋੜੀਆਂ ਸੜਕਾਂ ਵਿਖੇ ਆਪਣੇ ਨਿੱਜੀ ਖਰਚੇ ਨਾਲ ਠੰਢੇ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਲਗਵਾਇਆ ਗਿਆ | ਇਸ ਉਪਰਾਲੇ ਦੀ ਇਲਾਕੇ ਦੇ ਲੋਕਾਂ ਵਲੋਂ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ ਜੋੜੀਆਂ ਸੜਕਾਂ ਸਨੌਰ ਦਾ ਇਕ ਅਹਿਮ ਚੌਰਾਹਾ ਹੈ, ਜਿੱਥੇ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਲੋਕ, ਵਾਹਨ ਚਾਲਕ, ਵਿਦਿਆਰਥੀ, ਮਜ਼ਦੂਰ ਅਤੇ ਰਾਹਗੀਰ ਆਉਂਦੇ-ਜਾਂਦੇ ਹਨ | ਗਰਮੀ ਦੇ ਇਸ ਤਿੱਖੇ ਮੌਸਮ ਵਿਚ ਪੀਣ ਵਾਲੇ ਠੰਢੇ ਪਾਣੀ ਦੀ ਸਮੱਸਿਆ ਨੂੰ ਮਹਿਸੂਸ ਕਰਦਿਆਂ ਟਰੈਫ਼ਿਕ ਇੰਚਾਰਜ ਦੇਵੀਗੜ੍ਹ ਬਲਵਿੰਦਰ ਸਿੰਘ ਨੇ ਸਮਾਜ ਸੇਵਾ ਦੀ ਭਾਵਨਾ ਨਾਲ ਆਪਣੇ ਖਰਚੇ 'ਤੇ ਵਾਟਰ ਕੂਲਰ ਲਗਵਾ ਕੇ ਇਕ ਸਰਾਹਣਯੋਗ ਮਿਸਾਲ ਕਾਇਮ ਕੀਤੀ ਹੈ | ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਸਿਰਫ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਵੀ ਸਾਡਾ ਫ਼ਰਜ਼ ਹੈ | ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਆਮ ਲੋਕਾਂ ਨੂੰ ਠੰਢਾ ਅਤੇ ਸਾਫ਼ ਪਾਣੀ ਉਪਲਬਧ ਕਰਵਾਉਣਾ ਇਕ ਛੋਟਾ ਜਿਹਾ ਯਤਨ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਰਾਹਗੀਰਾਂ, ਰਿਕਸ਼ਾ ਚਾਲਕਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਟਰੈਫ਼ਿਕ ਡਿਊਟੀ ਕਰ ਰਹੇ ਕਰਮਚਾਰੀਆਂ ਲਈ ਇਹ ਵਾਟਰ ਕੂਲਰ ਕਾਫੀ ਲਾਭਦਾਇਕ ਸਾਬਤ ਹੋਵੇਗਾ | ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿਚ ਮਨੁੱਖਤਾ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਇਲਾਕੇ ਦੇ ਦੁਕਾਨਦਾਰਾਂ ਅਤੇ ਨਾਗਰਿਕਾਂ ਨੇ ਬਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਆਪਣੀ ਨਿੱਜੀ ਆਮਦਨ ਵਿਚੋਂ ਲੋਕ ਭਲਾਈ ਲਈ ਯੋਗਦਾਨ ਪਾਉਂਦੇ ਹਨ | ਸਥਾਨਕ ਲੋਕਾਂ ਨੇ ਆਸ ਜਤਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਕੰਮ ਜਾਰੀ ਰਹਿਣਗੇ | ਟਰੈਫ਼ਿਕ ਇੰਚਾਰਜ ਦੇਵੀਗੜ੍ਹ ਬਲਵਿੰਦਰ ਸਿੰਘ ਵਲੋਂ ਕੀਤਾ ਗਿਆ ਇਹ ਯਤਨ ਨਾ ਸਿਰਫ ਗਰਮੀ ਵਿਚ ਲੋਕਾਂ ਨੂੰ ਰਾਹਤ ਦੇਵੇਗਾ, ਸਗੋਂ ਪੁਲਿਸ ਅਤੇ ਜਨਤਾ ਦਰਮਿਆਨ ਭਰੋਸੇ ਅਤੇ ਸਾਂਝ ਨੂੰ ਵੀ ਹੋਰ ਮਜ਼ਬੂਤ ਕਰੇਗਾ | ਇਸ ਮੌਕੇ ਐਚ.ਸੀ. ਬਿਕਰਮਜੀਤ ਸਿੰਘ, ਏ.ਐਸ.ਆਈ. ਗੁਰਵਿੰਦਰ ਸਿੰਘ, ਏ.ਐਸ.ਆਈ. ਇਕਬਾਲ ਸਿੰਘ, ਬਾਬੂ ਸੁੰਦਰ ਲਾਲ ਤੇ ਹੋਰ |
ਪਿਛਲੀ ਖ਼ਬਰ ਅਤੁਲ ਸ਼ਰਮਾ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਰਵਨੀਤ ਬਿੱਟੂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।