ਬਨੂੜ, 19 ਮਈ (ਭੁਪਿੰਦਰ ਸਿੰਘ)-ਗਮਾਡਾ ਵਲੋਂ ਪਿੰਡ ਕਰਾਲਾ ਅਤੇ ਅਜ਼ੀਜਪੁਰ ਦੀ ਐਕਵਾਇਰ ਕੀਤੀ ਜਾਣ ਵਾਲੀ ਰੱਖੀ ਜਨਤਕ ਸੁਣਵਾਈ ਅੱਜ ਨਹੀਂ ਹੋ ਸਕੀ, ਜਦਕਿ ਦੋਹਾਂ ਪਿੰਡਾਂ ਦੇ ਕਿਸਾਨ ਜਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਇਤਰਾਜ ਦਰਜ ਕਰਨ ਲਈ ਅਧਿਕਾਰੀਆਂ ਦੀ ਉਡੀਕ ਵਿਚ ਬੈਠੇ ਰਹੇ | ਰੋਸ ਵਿਚ ਕਿਸਾਨਾਂ ਨੇ ਗਮਾਡਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਮਤਾ ਪਾਸ ਕਰਕੇ ਜਮੀਨ ਨਾ ਦੇਣ ਦਾ ਫੈਸਲਾ ਕੀਤਾ | ਦੱਸਣਯੋਗ ਹੈ, ਕਿ ਗਮਾਡਾ ਵਲੋਂ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ ਜਮੀਨ ਐਕਵਾਇਰ ਕੀਤੀ ਜਾਣੀ ਹੈ | ਇਸ ਸੰਬੰਧ ਵਿਚ ਅੱਜ ਪਿੰਡ ਕਰਾਲਾ ਤੇ ਅਜ਼ੀਜਪੁਰ ਦੋਹਾਂ ਪਿੰਡਾਂ ਦੀ ਜਨਤਕ ਸੁਣਵਾਈ ਲਈ ਗਮਾਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟੀਮ ਨੇ ਪਿੰਡ ਕਰਾਲਾ ਪੁੱਜਣਾ ਸੀ | ਦੋਹਾਂ ਪਿੰਡਾਂ ਦੇ ਕਿਸਾਨ ਕਰਾਲਾ ਵਿਖੇ ਇਕੱਠੇ ਹੋ ਗਏ, ਪਰ ਗਮਾਡਾ ਦੀ ਕੋਈ ਟੀਮ ਨਹੀ ਆਈ, ਜਦਕਿ ਲੁਧਿਆਣਾ ਯੂਨੀਵਰਸਿਟੀ ਦੀ ਪੁੱਜੀ ਟੀਮ ਵੀ ਕੋਈ ਕਾਰਵਾਈ ਕੀਤੀਆਂ ਵਾਪਸ ਪਰਤ ਗਈ | ਰੋਹ ਵਿਚ ਆਏ ਕਿਸਾਨਾਂ ਨੇ ਸਰਕਾਰ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਕਿਸੇ ਵੀ ਕੀਮਤ ਤੇ ਜਮੀਨ ਦੇਣ ਤੋਂ ਨਾਂਹ ਕੀਤੀ | ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਪ੍ਰਭਾਵਿਤ ਕਿਸਾਨਾਂ ਦੀ ਸਹਿਮਤੀ ਨਾਲ ਕਿਸੇ ਵੀ ਕੀਮਤ ਤੇ ਜਮੀਨ ਨਾ ਦੇਣ ਦਾ ਮਤਾ ਪਾਸ ਕੀਤਾ ਹੈ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਕਰਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ, ਹਰਜੀਤ ਸ਼ਰਮਾਂ, ਗੁਰਵਿੰਦਰ ਸਿੰਘ ਸਾਰੇ ਪੰਚ, ਕੁਲਬੀਰ ਸਿੰਘ, ਬਬਲਾ, ਸਤਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ |