01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬੀ 'ਵਰਸਟੀ ਦੇ ਵਿਦਿਆਰਥੀਆਂ ਦੀ ਵੱਖ-ਵੱਖ ਨਾਮੀ ਕੰਪਨੀਆਂ 'ਚ ਸ਼ਾਨਦਾਰ ਪਲੇਸਮੈਂਟ

ਅਜੀਤ ਡੈਸਕ 20-05-2026
ਪਟਿਆਲਾ, 19 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2025-26 ਦੀ ਕੈਂਪਸ ਪਲੇਸਮੈਂਟ ਮੁਹਿੰਮ ਦੌਰਾਨ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਸੰਬੰਧੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਉਚੇਚੇ ਤੌਰ 'ਤੇ ਵਧਾਈ ਦਿੱਤੀ ਗਈ | ਜ਼ਿਕਰਯੋਗ ਹੈ ਕਿ ਮੌਜੂਦਾ ਪਲੇਸਮੈਂਟ ਸੀਜ਼ਨ ਦੌਰਾਨ ਯੂਨੀਵਰਸਿਟੀ ਵਿਖੇ ਹੁਣ ਤੱਕ 30 ਤੋਂ ਵੱਧ ਨਾਮਵਰ ਕੰਪਨੀਆਂ ਕੈਂਪਸ ਵਿਚ ਆ ਚੁੱਕੀਆਂ ਹਨ | ਵਿਦਿਆਰਥੀਆਂ ਨੂੰ 16 ਲੱਖ ਰੁਪਏ ਸਾਲਾਨਾ ਤੱਕ ਦੇ ਸ਼ਾਨਦਾਰ ਪੈਕੇਜ ਦੇ ਮੌਕੇ ਮਿਲੇ ਹਨ | ਇਨ੍ਹਾਂ ਕੰਪਨੀਆਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਸਿਸਟਮ ਇੰਜੀਨੀਅਰ, ਐਸੋਸੀਏਟ ਸਾਫ਼ਟਵੇਅਰ ਇੰਜੀਨੀਅਰ, ਏ.ਆਈ. ਇੰਜੀਨੀਅਰ, ਸਾਈਬਰ ਸੁਰੱਖਿਆ ਇੰਜੀਨੀਅਰ, ਪੇਟੈਂਟ ਸਰਚ ਐਨਾਲਿਸਟ ਆਦਿ ਅਹੁਦਿਆਂ 'ਤੇ ਚੁਣੇ ਗਏ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਯੂਨੀਵਰਸਿਟੀ ਦੇ ਅਕਾਦਮਿਕ ਮਿਆਰ ਅਤੇ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਅੱਜ ਦਾ ਉਦਯੋਗ ਜਗਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸਾਡੇ ਵਿਦਿਆਰਥੀਆਂ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਵਰਗੇ ਆਧੁਨਿਕ ਖੇਤਰਾਂ ਵਿਚ ਵੱਡੇ ਪੈਕੇਜ ਹਾਸਲ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਸਿਲੇਬਸ ਅਤੇ ਸਿਖਲਾਈ ਸਮੇਂ ਦੇ ਹਾਣ ਦੀ ਹੈ | ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿਦਿਆਰਥੀਆਂ ਦਾ ਔਸਤ ਪੈਕੇਜ ਲਗਭਗ 4.50 ਲੱਖ ਰੁਪਏ ਸਾਲਾਨਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨਫੋਸਿਸ ਟੈਕਨੋਲੋਜੀਜ, ਐੱਚ ਐਂਡ ਆਰ ਬਲਾਕ, ਕਵਾਰਕ, ਵੇਦਾਂਤਾ ਪਾਵਰ, ਕਲਾਊਡਕੋਸਮੋਸ, ਸੇਵਦੋਨ, ਐਲੀਵੈਂਟ ਸੈਗਰੋਸ, ਅਕਾਸਿਲਿਉਬਿਟਸ, ਰਿਲਿਨਸ ਟੈਕਨੋਲੋਜੀਜ ਅਤੇ ਐਲਡੇਰਾ ਟੈੱਕ ਵਰਗੀਆਂ ਨਾਮੀ ਕੰਪਨੀਆਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵਿਚ ਅਹਿਮ ਅਹੁਦਿਆਂ ਲਈ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਹ ਪਲੇਸਮੈਂਟ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਵੀ ਕਈ ਪ੍ਰਮੁੱਖ ਕੰਪਨੀਆਂ ਕੈਂਪਸ ਵਿਚ ਆ ਰਹੀਆਂ ਹਨ, ਜਿਸ ਨਾਲ ਪਲੇਸਮੈਂਟ ਦੇ ਅੰਕੜਿਆਂ ਵਿੱਚ ਹੋਰ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਕਿ ਸਾਲ 2003 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪਲੇਸਮੈਂਟ ਰਿਕਾਰਡ ਯੂਨੀਵਰਸਿਟੀ ਦੀ ਅਧਿਕਾਰਤ ਪਲੇਸਮੈਂਟ ਵੈੱਬਸਾਈਟ 'ਤੇ ਵੀ ਉਪਲਬਧ ਹੈ, ਜੋ ਯੂਨੀਵਰਸਿਟੀ ਦੀ ਪਾਰਦਰਸ਼ਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਪਿਛਲੀ ਖ਼ਬਰ ਪੰਜਾਬੀ 'ਵਰਸਟੀ ਵਿਖੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਨੇ ਡੀਨ ਅਕਾਦਮਿਕ ਮਾਮਲੇ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਸੋਈ ਦੇ ਸਪੋਰਟਸ ਵਿੰਗ ਦੀ ਨਵੀਂ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।