ਬਨੂੜ, 4 ਜੂਨ (ਭੁਪਿੰਦਰ ਸਿੰਘ)-ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ 100 ਦੇ ਕਰੀਬ ਟ੍ਰੇਨੀ ਡਾਕਟਰਾਂ ਨੇ ਬਣਦਾ ਸਟਾਈਪੈਂਡ (ਵਜ਼ੀਫ਼ਾ ਭੱਤਾ) ਦੇਣ ਦੀ ਮੰਗ ਨੂੰ ਲੈ ਕੇ ਕਾਲਜ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ | ਉਹ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਜਾਰੀ ਭੱਤਾ ਦੇਣ ਦੀ ਮੰਗ ਕਰਦਿਆਂ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ | ਕੜਕਦੀ ਧੁੱਪ ਵਿਚ ਬਿਨਾਂ ਛਾਏਦਾਨ ਤੋਂ ਧਰਨੇ 'ਤੇ ਬੈਠੇ ਟ੍ਰੇਨੀ ਡਾਕਟਰਾਂ ਨੇ ਦੱਸਿਆ ਕਿ ਉਹ ਗਿਆਨ ਸਾਗਰ ਹਸਪਤਾਲ ਵਿੱਚ ਬਤੌਰ ਟ੍ਰੇਨਿੰਗ ਡਾਕਟਰਾਂ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਟ੍ਰੇਨੀ ਡਾਕਟਰਾਂ ਲਈ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਵਲੋਂ 22 ਹਜ਼ਾਰ ਰੁਪਏ ਭੱਤਾ ਨਿਰਧਾਰਿਤ ਕੀਤਾ ਗਿਆ ਹੈ ਪਰ ਕਾਲਜ ਮੈਨੇਜਮੈਂਟ ਵਲੋਂ ਉਨ੍ਹਾਂ ਨੂੰ ਕੇਵਲ 8 ਹਜ਼ਾਰ ਰੁਪਏ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਕਈ ਵਾਰ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਾਂ ਪਰ ਉਨ੍ਹਾਂ ਲਾਰਿਆਂ ਤੋਂ ਸਿਵਾਏ ਕੁਝ ਪ੍ਰਾਪਤ ਨਹੀ ਹੁੰਦਾ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ | ਧਰਨਾਕਾਰੀ ਡਾਕਟਰਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬਾਹਰ ਬੈਠਣ ਲਈ ਛਾਂ ਦਾ ਪ੍ਰਬੰਧ ਕਰਨ ਅਤੇ ਅੰਦਰੋਂ ਪੀਣ ਵਾਲਾ ਪਾਣੀ ਲੈਣ ਦੀ ਇਜਾਜ਼ਤ ਵੀ ਨਹੀ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਗਿਆਨ ਸਾਗਰ ਬਾਬ ਫਰੀਦ ਮੈਡੀਕਲ ਯੂਨੀਵਰਸਿਟੀ ਅਧੀਨ ਆਉਂਦਾ ਹੈ ਅਤੇ ਯੂਨੀਵਰਸਿਟੀ ਅਧੀਨ ਆਉਂਦੇ ਹੋਰ ਮੈਡੀਕਲ ਕਾਲਜਾਂ ਦੀ ਤਰਜ਼ 'ਤੇ ਬਣਦਾ ਵਜ਼ੀਫ਼ਾ ਭੱਤਾ ਨਾ ਦੇਕੇ ਡਾਕਟਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤਯੋਗ ਨਹੀਂ | ਉਨ੍ਹਾਂ ਯੂਨੀਵਰਸਿਟੀ ਵਲੋਂ ਜਾਰੀ ਭੱਤਾ ਦੇਣ ਦੀ ਮੰਗ ਕੀਤੀ | ਗਿਆਨ ਸਾਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾਂ ਦਿੱਤੇ ਸਟਾਈਪੈਂਡ ਅਨੁਸਾਰ ਭੱਤਾ ਦੇ ਰਹੇ ਹਨ | ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਮੌਕੇ 'ਤੇ ਪੁਲਿਸ ਪਾਰਟੀ ਭੇਜੀ ਗਈ ਹੈ |