ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਰੱਖੇ ਸਮਾਗਮ ਦੌਰਾਨ ਬੀਬੀ ਹਰਭਜਨ ਕੌਰ ਨੂੰ ਇਸਤਰੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਿਸ਼ੇਸ਼ ਸਨਮਾਨ ਕਰਕੇ ਵਧਾਈ ਦਿੱਤੀ ਗਈ | ਇਸ ਮੌਕੇ ਸ. ਭੁੱਟਾ ਨੇ ਬੀਬੀ ਹਰਭਜਨ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਮਿਹਨਤੀ ਅਤੇ ਵਫ਼ਾਦਾਰ ਆਗੂਆਂ ਤੇ ਵਰਕਰਾਂ ਦਾ ਸਨਮਾਨ ਕਰਦੀ ਹੈ | ਉਨ੍ਹਾਂ ਉਮੀਦ ਜਤਾਈ ਕਿ ਬੀਬੀ ਹਰਭਜਨ ਕੌਰ ਦੀ ਅਗਵਾਈ ਹੇਠ ਫ਼ਤਹਿਗੜ੍ਹ ਸਾਹਿਬ ਹਲਕੇ ਵਿਚ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਭੁੱਟਾ ਨੇ ਕਿਹਾ ਕਿ 5 ਜੂਨ ਨੂੰ ਸ਼ਾਮ ਸਾਢੇ 5 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿਚ ਸ਼ਾਂਤੀ ਪੂਰਵਕ ਯਾਦਗਾਰੀ ਪੈਦਲ ਰੋਸ ਮਾਰਚ ਕੀਤਾ ਜਾਵੇਗਾ | ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ ਕੇ ਰੋਸ ਮਾਰਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਬੀਬੀ ਹਰਭਜਨ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਹ ਜਲਦ ਹੀ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰਕੇ ਮਹਿਲਾ ਵਰਕਰਾਂ ਨੂੰ ਪਾਰਟੀ ਨਾਲ ਜੋੜਨਗੇ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਸਫਲਤਾ ਦਿਵਾਈ ਜਾ ਸਕੇ | ਇਸ ਮੌਕੇ ਹਰਵਿੰਦਰ ਸਿੰਘ ਬੱਬਲ, ਗਿਆਨ ਸਿੰਘ, ਸਰਤਾਜ ਸਿੰਘ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਰਿੰਪੀ ਗਰੇਵਾਲ, ਅਮਰਜੀਤ ਕੌਰ, ਨਵਦੀਪ ਸਿੰਘ, ਸੁਖਵਿੰਦਰ ਸਿੰਘ ਸੈਣੀ, ਹਰਪ੍ਰੀਤ ਸਿੰਘ, ਤਜਿੰਦਰ ਸਿੰਘ ਕੋਹਲੀ, ਪਰਮਿੰਦਰ ਸਿੰਘ, ਬਲਰਾਜ ਸਿੰਘ ਮਾਨ, ਮੇਹਰ ਸਿੰਘ, ਲਖਮੀਰ ਸਿੰਘ, ਗੁਰਵੰਤ ਸਿੰਘ, ਹਰਮੀਤ ਸਿੰਘ, ਜਸਵੀਰ ਸਿੰਘ ਜਲਵੇੜੀ ਗਹਿਲਾਂ, ਖੁਸ਼ਵਿੰਦਰ ਸਿੰਘ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਮੋਤੀ ਲਾਲ, ਬਿਕਰਮਜੀਤ ਸਿੰਘ ਬਾਜਵਾ, ਦਮਨਜੋਤ ਸਿੰਘ ਜਲਬੇੜੀ ਗਹਿਲਾਂ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਪੰਕਜ, ਹਰਜਿੰਦਰ ਸਿੰਘ ਵੀ ਹਾਜ਼ਰ ਸਨ |