24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੀ. ਸੀ. ਪੈਨਲ ਅੱਗੇ ਜ਼ਿਲ੍ਹੇ ਦੇ ਅਹਿਮ ਮਸਲੇ ਉਠਾਏ ਜਾਣਗੇ-ਸੰਯੁਕਤ ਕਿਸਾਨ ਮੋਰਚਾ

ਅਜੀਤ ਡੈਸਕ 06-06-2026
ਪਟਿਆਲਾ, 5 ਜੂਨ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਇਕ ਅਹਿਮ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ਹੇਠ ਫ਼ੈਕਟਰੀ ਏਰੀਆ ਸਥਿਤ ਆਸਟਰੇਲੀਅਨ ਫੋਰਕ ਲਿਫ਼ਟ ਟਰੇਨਿੰਗ ਐਂਡ ਡਰਾਈਵਿੰਗ ਸਕੂਲ ਵਿਖੇ ਹੋਈ | ਮੀਟਿੰਗ ਦੀ ਸ਼ੁਰੂਆਤ ਉੱਘੇ ਸਮਾਜ ਸੇਵਕ, ਚਿੰਤਕ ਅਤੇ ਪੱਤਰਕਾਰ ਸਵਰਨ ਸਿੰਘ ਭੰਗੂ (ਚਮਕੌਰ ਸਾਹਿਬ) ਦੇ ਅਕਾਲ ਚਲਾਣੇ 'ਤੇ ਸੋਕ ਮਤਾ ਪਾਸ ਕਰਕੇ ਅਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹੇ ਨਾਲ ਸੰਬੰਧਿਤ ਕਿਸਾਨੀ ਅਤੇ ਲੋਕ ਭਲਾਈ ਦੇ ਕਈ ਅਹਿਮ ਮਸਲਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਫ਼ੈਸਲਾ ਕੀਤਾ ਕਿ ਇਹ ਮਸਲੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਦੇ ਪੈਨਲ ਅੱਗੇ ਉਠਾ ਕੇ ਉਨ੍ਹਾਂ ਦੇ ਠੋਸ ਅਤੇ ਸਮੇਂਬੱਧ ਹੱਲ ਲਈ ਯਤਨ ਕੀਤੇ ਜਾਣਗੇ | ਮੀਟਿੰਗ ਵਿਚ ਨਹਿਰੀ ਅਤੇ ਬਰਸਾਤੀ ਪਾਣੀ ਦੀ ਰੀਚਾਰਜਿੰਗ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰਨ, ਘੱਗਰ ਅਤੇ ਹੋਰ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਮੁਰੰਮਤ ਵਿਚ ਤੇਜ਼ੀ ਲਿਆਉਣ, ਝੋਨੇ ਦੇ ਬੌਣੇ ਰੋਗ ਕਾਰਨ ਪਿਛਲੇ ਸਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨ, ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਅਤੇ ਕਿਸਾਨਾਂ ਲਈ ਹੱਦ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਪਿੰਡਾਂ ਵਿਚ ਮਾਲ ਵਿਭਾਗ ਵਲੋਂ ਚਾਰ ਸਾਲਾ ਕਾਰਵਾਈ ਨੰਬਰਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਕਰਵਾਉਣ, ਕਿਸਾਨ ਦੀ ਮੌਤ ਤੋਂ ਬਾਅਦ ਵਾਰਿਸਾਂ ਨੂੰ ਮੋਟਰਾਂ ਦੇ ਲੋਡ ਵਧਾਉਣ ਦੀ ਆਗਿਆ ਦੇਣ, ਸੜੇ ਹੋਏ ਘਰੇਲੂ ਮੀਟਰਾਂ ਦੀ ਥਾਂ ਸਮਾਰਟ ਮੀਟਰਾਂ ਦੀ ਬਜਾਏ ਰਵਾਇਤੀ ਮੀਟਰ ਲਗਾਉਣ, ਟਰਾਂਸਫ਼ਾਰਮਰਾਂ ਅਤੇ ਢਿੱਲੀਆਂ ਬਿਜਲੀ ਤਾਰਾਂ ਦੀ ਮੁਰੰਮਤ ਕਰਵਾਉਣ, ਕਿਸਾਨ ਆਗੂਆਂ ਅਤੇ ਵਰਕਰਾਂ 'ਤੇ ਦਰਜ ਕਥਿਤ ਝੂਠੇ ਪਰਚੇ ਰੱਦ ਕਰਨ, ਲਿੰਕ ਸੜਕਾਂ ਦੀ ਮੁਰੰਮਤ, ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਅਤੇ ਆਵਾਰਾ ਕੁੱਤਿਆਂ ਤੇ ਪਸੂਆਂ ਕਾਰਨ ਹੋ ਰਹੇ ਜਾਨੀ ਨੁਕਸਾਨ ਨੂੰ ਰੋਕਣ ਦੀਆਂ ਮੰਗਾਂ ਵੀ ਉਭਾਰੀਆਂ ਗਈਆਂ | ਮੀਟਿੰਗ ਵਿਚ ਧਰਮਪਾਲ ਸੀਲ, ਬਲਰਾਜ ਜੋਸ਼ੀ, ਨਰਿੰਦਰ ਸਿੰਘ ਲੇਹਲਾਂ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਧੂਹੜ, ਗੁਰਬਚਨ ਸਿੰਘ, ਪਵਨ ਸੋਗਲਪੁਰ, ਅਵਤਾਰ ਸਿੰਘ ਕੌਰਜੀਵਾਲਾ, ਜਗਪਾਲ ਊਧਾ, ਦਰਸਨ ਬੇਲੂਮਾਜਰਾ, ਹਰਬੰਸ ਸਿੰਘ ਦਦਹੇੜਾ, ਸੁਖਮਿੰਦਰ ਸਿੰਘ ਬਾਰਨ, ਗੁਰਬਖ਼ਸ਼ ਸਿੰਘ, ਗੁਰਚਰਨ ਸਿੰਘ ਪ੍ਰੌੜ੍ਹ, ਰਮੇਸ਼ ਅਜ਼ਾਦ, ਸੁਖਵਿੰਦਰ ਸਿੰਘ ਲਾਲੀ ਅਤੇ ਹਾਕਮ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਕਰਵਾਇਆ ਨਾਭਾ ਪ੍ਰਸ਼ਾਸਨ ਵਲੋਂ ਸੈਮੀਨਾਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ ਵੋਟਰਾਂ ਦੀ ਪਾਈ ਸਿਆਸੀ ਬੁਝਾਰਤ 'ਚ ਉਲਝੀਆਂ ਰਾਜਨੀਤਕ ਪਾਰਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।