05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖ਼ਿਲਾਫ਼ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਕਿਸਾਨ ਆਗੂ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਰਣਜੀਤ ਸਿੰਘ <br/> 09-06-2026
ਰਾਜਪੁਰਾ, 8 ਜੂਨ (ਰਣਜੀਤ ਸਿੰਘ)-ਇਥੋਂ ਦੇ ਟਾਹਲੀ ਵਾਲਾ ਚੌਕ ਵਿਖੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੇ ਆਗੂ ਬਲਕਾਰ ਸਿੰਘ ਬੈਂਸ ਦੀ ਅਗਵਾਈ ਵਿਚ ਡੀਜ਼ਲ ਤੇਲ ਅਤੇ ਘਰੇਲੂ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਅਮਰੀਕਾ ਨਾਲ ਵਪਾਰ ਸਮਝੌਤਾ ਕੀਤਾ ਹੈ ਉਸ ਨਾਲ ਸਾਡੇ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ | ਇਸ ਮੌਕੇ 'ਤੇ ਆਵਾਜਾਈ ਵੀ ਅਸਤ ਵਿਅਸਤ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਲਕਾਰ ਸਿੰਘ ਬੈਂਸ ਅਤੇ ਹੋਰਨਾਂ ਨੇ ਦੱਸਿਆ ਕਿ ਦੇਸ਼ ਵਿਚ ਡੀਜ਼ਲ ਤੇਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ | ਡੀਜ਼ਲ ਤੇਲ ਦੇ ਵਧੇ ਹੋਏ ਭਾਅ ਕਾਰਨ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ | ਆਗੂਆਂ ਨੇ ਕਿਹਾ ਕਿ ਘਰੇਲੂ ਗੈਸ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਘਰੇਲੂ ਗੈਸ ਮਹਿੰਗੀ ਹੋਣ ਦੇ ਬਾਵਜੂਦ ਮਿਲ ਵੀ ਨਹੀਂ ਰਹੀ | ਗੈਸ ਸਿਲੰਡਰ ਲੈਣ ਲਈ ਖਪਤਕਾਰਾਂ ਨੂੰ ਗਰਮੀ ਦੇ ਮਹੀਨੇ ਵਿਚ ਧੁੱਪਾਂ ਵਿਚ ਲਾਈਨਾਂ ਲਾ ਕੇ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ | ਗੈਸ ਦੀਆਂ ਵਧੀਆਂ ਕੀਮਤਾਂ ਨੇ ਗ਼ਰੀਬ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਅਮਰੀਕਾ ਵਪਾਰ ਸਮਝੌਤਾ ਵੀ ਦੇਸ਼ ਦੇ ਕਿਸਾਨ ਲਈ ਮਾਰੂ ਸਾਬਤ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਸਰਕਾਰਾਂ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਅਤੇ ਸਬਸਿਡੀਆਂ ਦਿੰਦੀਆਂ ਹਨ | ਇਸ ਲਈ ਉੱਥੋਂ ਦਾ ਕਿਸਾਨ ਖ਼ੁਸ਼ਹਾਲ ਹੈ ਪਰ ਸਾਡੇ ਦੇਸ਼ ਦੀ ਸਥਿਤੀ ਵੱਖਰੀ ਹੈ | ਕਿਸਾਨਾਂ ਨੇ ਕਿਹਾ ਕਿ ਐਨ ਫ਼ਸਲ ਦੀ ਬਿਜਾਈ ਮੌਕੇ 'ਤੇ ਬਾਜ਼ਾਰ ਵਿਚੋਂ ਖਾਦ ਗ਼ਾਇਬ ਹੋ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਨਿਆਂ ਦਾ ਪੱਖ ਪੂਰਦੀ ਹੈ ਅਤੇ ਕਿਸਾਨਾਂ ਦੀ ਦਿਨੋਂ ਦਿਨ ਨਿੱਘਰਦੀ ਹਾਲਤ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ | ਇਸ ਮੌਕੇ 'ਤੇ ਹੋਰਨਾਂ ਸਮੇਤ ਪ੍ਰਧਾਨ ਜਸਵਿੰਦਰ ਸਿੰਘ, ਅਵਤਾਰ ਸਿੰਘ ਥੂਹਾ, ਅਵਤਾਰ ਸਿਘ ਆਕੜੀ, ਗੁਰਤੇਜ਼ ਸਿੰਘ ਨੈਣਾਂ, ਗੁਰਧਿਆਨ ਸਿੰਘ ਨੈਣਾਂ, ਸਤਨਾਮ ਸਿੰਘ ਵਿਰਕ, ਮਨਜੀਤ ਸਿੰਘ ਕੌਲੀ, ਕੁਲਦੀਪ ਸਿੰਘ ਪਿਲਖਣੀ, ਗੁਰਪ੍ਰੀਤ ਸਿੰਘ, ਰਵਿੰਦਰ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮੁਹਾਲੀ 'ਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਇਨਸਾਫ਼ ਦਿਵਾਉਣ ਲਈ ਧਰਨਾ ਅਗਲੀ ਖ਼ਬਰ ਏ.ਡੀ.ਸੀ. ਅਨੁਪਿ੍ਤਾ ਜÏਹਲ ਨੇ ਸੁਣੀਆਂ ਕਿਸਾਨਾਂ ਦੀਆਂ ਮੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।